ਪੰਜਾਬ ਦੇ ਸੈਰ ਸਪਾਟਾ ਅਤੇ ਸੱਭਿਆਚਾਰ ਵਿਭਾਗ ਵੱਲੋਂ ਕਰਵਾਏ ਗਏ ਪਹਿਲੇ ਰੰਗਲਾ ਪੰਜਾਬ ਮੇਲੇ ਦੇ ਛੇਵੇਂ ਦਿਨ ਦੁਨੀਆ ਦਾ ਸਭ ਤੋਂ ਵੱਡਾ ਪਰਾਠਾ ਤਿਆਰ ਕੀਤਾ ਗਿਆ। ਇਸ ਨੂੰ ਤਾਜ ਹੋਟਲ ਦੇ ਸ਼ੈੱਫ ਨੇ ਤਿਆਰ ਕੀਤਾ ਹੈ। ਇਸ ਦਾ ਕੁੱਲ ਵਜ਼ਨ 37.5 ਕਿਲੋਗ੍ਰਾਮ ਹੈ। ਇਸ ਦੇ ਨਾਲ ਹੀ ਦੁਨੀਆ ਦਾ ਸਭ ਤੋਂ ਵੱਡਾ ਪਰਾਠਾ ਬਣਾ ਕੇ ਇਸ ਦਾ ਨਾਂ ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ‘ਚ ਦਰਜ ਕਰ ਲਿਆ ਗਿਆ ਹੈ।
ਗਿਨੀਜ਼ ਬੁੱਕ ਆਫ ਵਰਲਡ ਰਿਕਾਰਡ ਵਿੱਚ ਦਰਜ ਹੋਣ ਤੋਂ ਬਾਅਦ ਇਸ ਦਾ ਸਰਟੀਫਿਕੇਟ ਵੀ ਡੀਸੀ ਘਨਸ਼ਿਆਮ ਥੋਰੀ ਅਤੇ ਸੈਰ ਸਪਾਟਾ ਵਿਭਾਗ ਦੀ ਡਾਇਰੈਕਟਰ ਨੀਰੂ ਕਤਿਆਲ ਵੱਲੋਂ ਦਿੱਤਾ ਗਿਆ। ਇਸ ਦੇ ਨਾਲ ਹੀ ਇਹ ਪਰਾਠਾ ਮੇਲਾ ਦੇਖਣ ਆਏ ਲੋਕਾਂ ਵਿੱਚ ਵੰਡ ਕੇ ਖਾਧਾ ਗਿਆ ਅਤੇ ਲੋਕਾਂ ਵੱਲੋਂ ਇਸ ਦੀ ਖੂਬ ਸ਼ਲਾਘਾ ਵੀ ਕੀਤੀ ਗਈ। ਇਸ ਮੌਕੇ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਘਨਸ਼ਿਆਮ ਥੋਰੀ ਨੇ ਸਮੁੱਚੀ ਟੀਮ ਨੂੰ ਵਧਾਈ ਦਿੰਦਿਆਂ ਇਹ ਵੀ ਕਿਹਾ ਕਿ ਇਹ ਬਹੁਤ ਹੀ ਖੁਸ਼ੀ ਦੀ ਗੱਲ ਹੈ ਕਿ ਸਰਕਾਰ ਨੇ ਆਪਣੀ ਵਿਰਾਸਤ ਨੂੰ ਦੇਸ਼ ਅਤੇ ਦੁਨੀਆ ਭਰ ਵਿੱਚ ਫੈਲਾਉਣ ਲਈ ਉਪਰਾਲੇ ਕੀਤੇ ਹਨ ਅਤੇ ਇਸ ਦੇ ਸਾਰਥਕ ਨਤੀਜੇ ਵੀ ਸਾਹਮਣੇ ਆਉਣਗੇ।
ਹੋਟਲ ਦੇ ਸ਼ੈੱਫ ਅਤੇ ਟੀਮ ਦੇ ਹੋਰ ਮੈਂਬਰਾਂ ਨੇ ਦੱਸਿਆ ਕਿ ਇਹ ਰਿਕਾਰਡ ਬਣਾਉਣ ਦੀ ਕੋਸ਼ਿਸ਼ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਟੀਮ ਨੇ ਕਈ ਦਿਨ ਲਗਾਤਾਰ ਅਭਿਆਸ ਕੀਤਾ ਸੀ। ਇਸ ਰਿਕਾਰਡ ਨੂੰ ਹਾਸਲ ਕਰਨ ਲਈ ਸੱਤ ਕੁਇੰਟਲ ਤੋਂ ਵੱਧ ਆਟਾ ਵਰਤਿਆ ਗਿਆ।