Saturday, January 18, 2025
spot_img

ਬਾਲ ਮਜ਼ਦੂਰੀ ਰੋਕਣ ਲਈ ਚੱਲ ਰਹੀ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵਲੋਂ ਵੱਖ-ਵੱਖ ਥਾਵਾਂ ‘ਤੇ ਚੈਕਿੰਗ

Must read

ਸੰਗਰੂਰ : ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਦੇ ਦਿਸ਼ਾ ਨਿਰਦੇਸ਼ਾਂ ਹੇਠ ਬਾਲ ਮਜ਼ਦੂਰੀ ਨੂੰ ਰੋਕਣ ਅਤੇ ਬੱਚਿਆਂ ਦੇ ਮੁੜ ਵਸੇਬੇ ਨੂੰ ਯਕੀਨੀ ਬਣਾਉਣ ਲਈ ਜ਼ਿਲ੍ਹਾ ਸੰਗਰੂਰ ਵਿਖੇ ਚੱਲ ਰਹੀ ਵਿਸ਼ੇਸ਼ ਮੁਹਿੰਮ ਤਹਿਤ ਜ਼ਿਲ੍ਹਾ ਪੱਧਰੀ ਟਾਸਕ ਫੋਰਸ ਵਲੋਂ ਵੱਖ ਵੱਖ ਥਾਈਂ ਚੈਕਿੰਗ ਕੀਤੀ ਗਈ। ਇਸ ਟੀਮ ਦੀ ਅਗਵਾਈ ਸਹਾਇਕ ਕਮਿਸ਼ਨਰ ਜਸਪਿੰਦਰ ਸਿੰਘ ਅਤੇ ਸਹਾਇਕ ਕਮਿਸ਼ਨਰ ਦੇਵਦਰਸ਼ਦੀਪ ਸਿੰਘ ਨੇ ਕੀਤੀ।

ਅਧਿਕਾਰੀਆਂ ਨੇ ਦੱਸਿਆ ਕਿ ਡਿਪਟੀ ਕਮਿਸ਼ਨਰ ਦੇ ਹੁਕਮਾਂ ਅਨੁਸਾਰ ਇਸ ਮੁਹਿੰਮ ਦੇ ਅਸਰਦਾਰ ਪ੍ਰਭਾਵ ਨੂੰ ਯਕੀਨੀ ਬਣਾਇਆ ਜਾ ਰਿਹਾ ਹੈ ਅਤੇ ਬੱਚਿਆਂ ਦੇ ਅਧਿਕਾਰਾਂ ਦੀ ਰਾਖੀ ਲਈ ਇਸ ਮੁਹਿੰਮ ਦੌਰਾਨ ਸਾਰੇ ਛੋਟੇ ਤੇ ਵੱਡੇ ਵਪਾਰਕ ਅਦਾਰਿਆਂ ਜਿਵੇਂ ਫੈਕਟਰੀਆਂ, ਢਾਬਿਆਂ, ਉਦਯੋਗਾਂ, ਹੋਟਲਾਂ, ਦੁਕਾਨਾਂ, ਭੱਠਿਆਂ, ਉਸਾਰੀ ਸਥਾਨਾਂ ਆਦਿ ਵਿਖੇ ਅਚਨਚੇਤ ਛਾਪਾਮਾਰੀ ਕਰਕੇ ਇਸ ਅਪਰਾਧ ਨੂੰ ਰੋਕਣ ਲਈ ਟੀਮਾਂ ਸਰਗਰਮ ਹਨ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਕਿਰਤ ਵਿਭਾਗ ਦੇ ਅਧਿਕਾਰੀ ਪ੍ਰਦੀਪ ਗੁਲਾਟੀ ਨੇ ਦੱਸਿਆ ਕਿ ਚੌਕਸੀ ਟੀਮ ਵੱਲੋਂ ਸ਼ਹਿਰ ਸੰਗਰੂਰ ਦੇ ਵੱਖ ਵੱਖ ਬਜ਼ਾਰਾਂ ਵਿੱਚ ਅਤੇ ਵੱਖ ਵੱਖ ਦੁਕਾਨਾਂ ਤੇ ਚੈਕਿੰਗ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਚੈਕਿੰਗ ਦੌਰਾਨ ਬਜ਼ਾਰਾਂ ਵਿੱਚ 18 ਸਾਲ ਤੋਂ ਘੱਟ ਉਮਰ ਵਾਲੇ ਕੰਮ ਕਰ ਰਹੇ ਬਾਲ ਅਤੇ ਕਿਸ਼ੋਰ ਬੱਚਿਆਂ ਦੀ ਭਾਲ ਕਰਨ ਲਈ ਚੈਕਿੰਗ ਕੀਤੀ ਗਈ ਅਤੇ ਸਬੰਧਤ ਦੁਕਾਨਦਾਰਾਂ ਕੋਲ ਉਪਲਬਧ ਆਧਾਰ ਕਾਰਡ ਵਾਚਦਿਆਂ ਉਮਰ ਦੀ ਪੜਤਾਲ ਕੀਤੀ ਗਈ।

ਇਸ ਤੋਂ ਇਲਾਵਾ ਸ਼ਹਿਰ ਤੋਂ ਬਾਹਰ ਵੱਖ ਵੱਖ ਹੋਟਲਾਂ, ਰੈਸਟੋਰੈਂਟਾਂ ਅਤੇ ਭੱਠਿਆਂ ਦੀ ਵੀ ਚੈਕਿੰਗ ਕੀਤੀ ਗਈ ਅਤੇ ਚੈਕਿੰਗ ਦੌਰਾਨ ਇੱਕ ਭੱਠੇ ਦੀ ਪਥੇਰ ਉਤੇ 4 ਕਿਸ਼ੋਰ ਕਿਰਤੀ ਲੜਕੀਆਂ ਕੰਮ ਕਰਦੀਆਂ ਪਾਈਆਂ ਗਈਆਂ ਅਤੇ ਜਿਨ੍ਹਾਂ ਵਿੱਚ ਇੱਕ ਲੜਕੀ ਨੂੰ ਮੌਕੇ ਤੇ ਹੀ ਉਸ ਦੇ ਭਰਾ ਦੇ ਸਪੁਰਦ ਕਰ ਦਿੱਤਾ ਗਿਆ ਅਤੇ ਬਾਕੀ ਤਿੰਨ ਕਿਸ਼ੋਰ ਕਿਰਤੀਆਂ ਨੂੰ ਸੀ. ਡਬਲਿਊ. ਸੀ. ਦੇ ਹਵਾਲੇ ਕਰ ਦਿੱਤਾ ਗਿਆ ਅਤੇ ਭੱਠਾ ਮਾਲਕ ਵਿਰੁੱਧ ਬਣਦੀ ਅਗਲੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ।

ਸਹਾਇਕ ਕਮਿਸ਼ਨਰ ਨੇ ਹਦਾਇਤ ਕੀਤੀ ਕਿ ਜੇਕਰ ਕੋਈ ਵੀ ਵਪਾਰੀ ਜਾਂ ਦੁਕਾਨਦਾਰ ਬਾਲ ਮਜ਼ਦੂਰੀ ਕਰਵਾਉਂਦਾ ਪਾਇਆ ਜਾਂਦਾ ਹੈ ਤਾਂ ਉਸ ਵਿਰੁੱਧ ‘ਦੀ ਚਾਈਲਡ ਐਂਡ ਅਡੋਲਸੈਂਟ ਲੇਬਰ (ਪ੍ਰੋਹੀਬਿਸ਼ਨ ਐਂਡ ਰੈਗੂਲੇਸ਼ਨ) ਐਕਟ 1986’ ਅਤੇ ‘ਜੁਵੇਨਾਈਲ ਜਸਟਿਸ ਐਕਟ 2015’ ਤਹਿਤ ਬਣਦੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇ। ਚੈਕਿੰਗ ਟੀਮ ਵਿਚ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਨਵਨੀਤ ਤੂਰ, ਡਿਪਟੀ ਡਾਇਰੈਕਟਰ ਫੈਕਟਰੀਜ਼ ਸਾਹਿਲ ਵੀ ਸ਼ਾਮਲ ਸਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article