ਬਾਲੀਵੁੱਡ ਸੁਪਰਸਟਾਰ ਸ਼ਾਹਰੁਖ ਖਾਨ ਦੱਖਣੀ ਕੋਰੀਆ ਦੀ ਕਾਰ ਨਿਰਮਾਤਾ ਕੰਪਨੀ ਹੁੰਡਈ ਦੇ ਬ੍ਰਾਂਡ ਅੰਬੈਸਡਰ ਹਨ। ਕਿੰਗ ਖਾਨ ਅਤੇ ਹੁੰਡਈ ਦਾ ਰਿਸ਼ਤਾ ਸੈਂਟਰੋ ਦੇ ਸਮੇਂ ਤੋਂ ਲਗਭਗ ਦੋ ਦਹਾਕੇ ਪੁਰਾਣਾ ਹੈ। ਸ਼ਾਹਰੁਖ ਦੀਆਂ ਇਸ ਸਾਲ ਰਿਲੀਜ਼ ਹੋਈਆਂ ਦੋ ਫਿਲਮਾਂ ‘ਪਠਾਨ’ ਅਤੇ ‘ਜਵਾਨ’ 1000 ਕਰੋੜ ਦੇ ਕਲੱਬ ‘ਚ ਸ਼ਾਮਲ ਹੋ ਗਈਆਂ ਹਨ। ਜਦੋਂ ਕਿ ਹੁੰਡਈ ਵੱਲੋਂ ਲਾਂਚ ਕੀਤੀਆਂ ਦੋ ਕਾਰਾਂ ਹਿੱਟ ਹੋ ਗਈਆਂ ਹਨ। Ioniq 5 ਉਹਨਾਂ ਕਾਰਾਂ ਵਿੱਚੋਂ ਇੱਕ ਹੈ ਜੋ ਹੁੰਡਈ ਨੇ ਇਸ ਸਾਲ ਭਾਰਤੀ ਬਾਜ਼ਾਰ ਵਿੱਚ ਲਾਂਚ ਕੀਤੀ ਹੈ। ਇਸ ਕਾਰ ਨੂੰ ਆਟੋ ਐਕਸਪੋ 2023 ‘ਚ ਸ਼ਾਹਰੁਖ ਖਾਨ ਦੀ ਮੌਜੂਦਗੀ ‘ਚ ਇਕ ਈਵੈਂਟ ‘ਚ ਲਾਂਚ ਕੀਤਾ ਗਿਆ ਸੀ।
ਹੁਣ ਕੰਪਨੀ ਨੇ ਇਸ ਕਾਰ ਦੀ 1100ਵੀਂ ਯੂਨਿਟ ਬਾਲੀਵੁੱਡ ਦੇ ਬਾਦਸ਼ਾਹ ਨੂੰ ਗਿਫਟ ਕੀਤੀ ਹੈ। ਰਿਪੋਰਟਾਂ ਦੇ ਅਨੁਸਾਰ, ਬ੍ਰਾਂਡ ਦੇ ਨਾਲ 25 ਸਾਲ ਦੀ ਸਾਂਝ ਨੂੰ ਯਾਦ ਕਰਨ ਲਈ, ਹੁੰਡਈ ਨੇ ਕਿੰਗ ਖਾਨ ਨੂੰ ਆਪਣੀ ਫਲੈਗਸ਼ਿਪ ਇਲੈਕਟ੍ਰਿਕ SUV ਗਿਫਟ ਕੀਤੀ ਹੈ। ਇਸ ਦੇ ਨਾਲ Ioniq 5 ਸ਼ਾਹਰੁਖ ਦੇ ਗੈਰੇਜ ‘ਚ ਪਹਿਲੀ ਈਵੀ ਬਣ ਗਈ ਹੈ। Ionic 5 ਦੀ ਭਾਰਤੀ ਬਾਜ਼ਾਰ ‘ਚ ਕੀਮਤ 45.9 ਲੱਖ ਰੁਪਏ (ਐਕਸ-ਸ਼ੋਰੂਮ) ਹੈ। ਇਸ ਵਿੱਚ 72.6kWh ਦਾ ਬੈਟਰੀ ਪੈਕ ਹੈ, ਜਿਸ ਦੀ ARAI ਰੇਂਜ 631 ਕਿਲੋਮੀਟਰ ਹੈ।
ਭਾਰਤ ਵਿੱਚ, ਇਸ ਇਲੈਕਟ੍ਰਿਕ ਕਾਰ ਨੂੰ ਸਿੰਗਲ ਮੋਟਰ ਰੀਅਰ ਵ੍ਹੀਲ ਡਰਾਈਵ ਸਪੈਸੀਫਿਕੇਸ਼ਨ ਦੇ ਨਾਲ ਵੇਚਿਆ ਜਾ ਰਿਹਾ ਹੈ, ਜੋ 217bhp ਦੀ ਪਾਵਰ ਅਤੇ 350Nm ਦਾ ਪੀਕ ਟਾਰਕ ਜਨਰੇਟ ਕਰਦਾ ਹੈ। ਇਸ ਤੋਂ ਇਲਾਵਾ ਇਹ ਕਾਰ ਲਗਭਗ 18 ਮਿੰਟਾਂ ‘ਚ ਫਾਸਟ ਚਾਰਜ ਵੀ ਹੋ ਸਕਦੀ ਹੈ।