Saturday, September 21, 2024
spot_img

ਉਲੰਪਿਕ ਦਿਵਸ ਸਮਾਗਮ ਦੌਰਾਨ ਹਾਕੀ ਚੰਡੀਗੜ੍ਹ ਲਈ ਅਖਤਿਆਰੀ ਕੋਟੇ ਵਿੱਚੋਂ 10 ਲੱਖ ਰੁਪਏ ਦੇਣ ਦਾ ਐਲਾਨ

Must read

ਚੰਡੀਗੜ੍ਹ, 22 ਜੂਨ: ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਅਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਖੇਡਾਂ ਦੇ ਖੇਤਰ ਵਿੱਚ ਸੂਬੇ ਦੀ ਪੁਰਾਣੀ ਸ਼ਾਨ ਨੂੰ ਮੁੜ ਬਹਾਲ ਕਰਨ ਦੇ ਮਿਸ਼ਨ ਤਹਿਤ ਖੇਡਾਂ ਲਈ ਸ਼ਾਨਦਾਰ ਬਜਟ ਅਲਾਟ ਕਰਨ ਦੀ ਯੋਜਨਾ ਬਣਾ ਰਹੀ ਹੈ।

ਅੱਜ ਇਥੇ ਸੈਕਟਰ 42 ਦੇ ਹਾਕੀ ਸਟੇਡੀਅਮ ਵਿਖੇ ਹਾਕੀ ਚੰਡੀਗੜ੍ਹ ਵੱਲੋਂ ਕਰਵਾਏ ਗਏ ਉਲੰਪਿਕ ਦਿਵਸ ਸਮਾਗਮ ਦੌਰਾਨ ਹਾਜ਼ਰੀਨ ਅਤੇ ਖਿਡਾਰੀਆਂ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ, ਜੋ ਦੇਸ਼ ਦੇ ਹੋਰਨਾਂ ਖੇਡ ਮੰਤਰੀਆਂ ਵਿੱਚੋਂ ਸਭ ਤੋਂ ਨੌਜਵਾਨ ਖੇਡ ਮੰਤਰੀ ਹਨ, ਅਤੇ ਉਨ੍ਹਾਂ ਦੀ ਟੀਮ ਖੇਡ ਸੱਭਿਆਚਾਰ ਨੂੰ ਵਿਕਸਤ ਕਰਨ ਅਤੇ ਹੇਠਲੇ ਪੱਧਰ ਤੋਂ ਲੈ ਕੇ ਅੰਤਰਰਾਸ਼ਟਰੀ ਪੱਧਰ ਤੱਕ ਉਭਰਦੇ ਅਤੇ ਜੇਤੂ ਖਿਡਾਰੀਆਂ ਅਤੇ ਕੋਚਾਂ ਨੂੰ ਸਮਰਥਨ ਦੇਣ ਲਈ ਇੱਕ ਨਵੀਂ ਖੇਡ ਨੀਤੀ ਦਾ ਖਰੜਾ ਤਿਆਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਖੇਡ ਪ੍ਰਤਿਭਾ ਦੀ ਬਹੁਤ ਵੱਡੀ ਸਮਰੱਥਾ ਹੈ, ਜਿਸ ਦਾ ਲਾਭ ਉਨ੍ਹਾਂ ਨੂੰ ਉਤਸ਼ਾਹ, ਢੁਕਵਾਂ ਬੁਨਿਆਦੀ ਢਾਂਚਾ ਅਤੇ ਮੌਕੇ ਪ੍ਰਦਾਨ ਕਰਕੇ ਹੀ ਲਿਆ ਜਾ ਸਕਦਾ ਹੈ।

ਹਾਕੀ ਦੀ ਖੇਡ ਵਿੱਚ ਪੰਜਾਬ ਦੀ ਪੁਰਾਣੀ ਸ਼ਾਨ ਨੂੰ ਯਾਦ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਬਲਬੀਰ ਸਿੰਘ, ਊਧਮ ਸਿੰਘ, ਅਜੀਤਪਾਲ ਸਿੰਘ, ਸੁਰਿੰਦਰ ਸੋਢੀ ਅਤੇ ਪਰਗਟ ਸਿੰਘ ਵਰਗੇ ਦਿੱਗਜ ਖਿਡਾਰੀਆਂ ਦੇ ਨਾਵਾਂ ਦਾ ਜ਼ਿਕਰ ਕੀਤਾ। ਉਨ੍ਹਾਂ ਕਿਹਾ ਕਿ ਸੂਬੇ ਲਈ ਇਹ ਮਾਣ ਵਾਲੀ ਗੱਲ ਹੈ ਕਿ ਭਾਰਤੀ ਹਾਕੀ ਟੀਮ ਵਿੱਚ ਕਪਤਾਨ ਸਮੇਤ 10 ਖਿਡਾਰੀ ਪੰਜਾਬ ਦੇ ਹਨ।ਹਰਪਾਲ ਸਿੰਘ ਚੀਮਾ ਨੇ ਹਾਕੀ ਚੰਡੀਗੜ੍ਹ ਵੱਲੋਂ ਖੇਡ ਨੂੰ ਪ੍ਰਫੁੱਲਤ ਕਰਨ ਵਿੱਚ ਨਿਭਾਈ ਜਾ ਰਹੀ ਭੂਮਿਕਾ ਦੀ ਸ਼ਲਾਘਾ ਕਰਦਿਆਂ ਆਪਣੇ ਅਖਤਿਆਰੀ ਕੋਟੇ ਤੋਂ 10 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ।

ਹਾਕੀ ਚੰਡੀਗੜ੍ਹ ਦੇ ਪ੍ਰਧਾਨ ਕਰਨ ਗਿਲਹੋਤਰਾ ਨੇ ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨ ਲਈ ਵਿੱਤ ਮੰਤਰੀ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਹਾਕੀ ਚੰਡੀਗੜ੍ਹ ਦੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਹੈ ਕਿ ਖਿਡਾਰੀਆਂ ਨੂੰ ਉਤਸ਼ਾਹਿਤ ਕੀਤਾ ਜਾਵੇ ਅਤੇ ਖੇਡ ਨੂੰ ਵੱਡੇ ਪੱਧਰ ‘ਤੇ ਉਤਸ਼ਾਹਿਤ ਕਰਨਾ ਜਾਰੀ ਰੱਖੇਗਾ। ਉਨ੍ਹਾਂ ਕਿਹਾ ਕਿ ਪਿਛਲੇ ਓਲੰਪਿਕ ਵਿੱਚ ਸਾਡੇ ਖਿਡਾਰੀਆਂ ਨੂੰ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਦੇਖਣਾ ਦੇਸ਼ ਲਈ ਸੱਚਮੁੱਚ ਹੀ ਮਾਣ ਦਾ ਪਲ ਸੀ। ਇਸ ਮੌਕੇ ਜਨਰਲ ਸਕੱਤਰ ਹਾਕੀ ਚੰਡੀਗੜ੍ਹ ਅਨਿਲ ਵੋਹਰਾ ਨੇ ਵੀ ਸੰਬੋਧਨ ਕੀਤਾ।

ਓਲੰਪਿਕ ਦਿਵਸ ਮਨਾਉਣ ਲਈ ਚੰਡੀਗੜ੍ਹ ਦੀਆਂ ਵੱਖ-ਵੱਖ ਖੇਡਾਂ ਦੇ 700 ਦੇ ਕਰੀਬ ਖਿਡਾਰੀ ਆਪਣੇ ਕੋਚਾਂ ਸਮੇਤ ਹਾਜ਼ਰ ਸਨ। ਇਸ ਮੌਕੇ ਕੇਂਦਰੀ ਉਦਯੋਗਿਕ ਸੁਰੱਖਿਆ ਬਲ (ਸੀ.ਆਈ.ਐਸ.ਐਫ) ਅਤੇ ਚੰਡੀਗੜ੍ਹ ਫੈਡਰੇਸ਼ਨ ਆਫ ਹਾਕੀ ਐਸੋਸੀਏਸ਼ਨ (ਸੀਐਫਐਚਏ-42) ਵਿਚਕਾਰ ਪ੍ਰਦਰਸ਼ਨੀ ਹਾਕੀ ਮੈਚ ਖੇਡਿਆ ਗਿਆ। ਸੀਐਫਐਚਏ-42 ਨੇ ਇਹ ਮੈਚ 3-1 ਨਾਲ ਜਿੱਤ ਲਿਆ।

ਇਸ ਮੌਕੇ ਹਾਕੀ ਚੰਡੀਗੜ੍ਹ ਨੇ ਸਾਡੀ ਰਾਸ਼ਟਰੀ ਖੇਡ ਹਾਕੀ ਨੂੰ ਉਤਸ਼ਾਹਿਤ ਕਰਨ ਲਈ ਸਿਟੀ ਬਿਊਟੀਫੁੱਲ ਦੇ ਆਉਣ ਵਾਲੇ ਅਤੇ ਲੋੜਵੰਦ ਖਿਡਾਰੀਆਂ ਨੂੰ ਬ੍ਰਾਂਡਿਡ ਹਾਕੀ ਸਟਿੱਕਾਂ ਦਿੱਤੀਆਂ। ਇਸ ਮੌਕੇ ਗਗਨ ਅਜੀਤ ਸਿੰਘ, ਦੀਪਕ ਠਾਕੁਰ, ਧਰਮਵੀਰ ਸਿੰਘ, ਰੁਪਿੰਦਰਪਾਲ ਸਿੰਘ ਅਤੇ ਜੋਏਦੀਪ ਕੌਰ ਵਰਗੇ ਓਲੰਪੀਅਨ ਅਤੇ ਅੰਤਰਰਾਸ਼ਟਰੀ ਖਿਡਾਰੀਆਂ ਦੀ ਸਹੂਲਤ ਦਿੱਤੀ ਗਈ।

ਹਾਕੀ ਚੰਡੀਗੜ੍ਹ ਦੇ ਸੀਨੀਅਰ ਅਹੁਦੇਦਾਰ ਅਤੇ ਮੈਂਬਰ ਜਿੰਨ੍ਹਾਂ ਵਿੱਚ ਸੀਨੀਅਰ ਮੀਤ ਪ੍ਰਧਾਨ ਸ. ਪੁਸ਼ਵਿੰਦਰਜੀਤ ਸਿੰਘ, ਸਰਪ੍ਰਸਤ ਡਾ: ਚੰਦਰ ਸ਼ੇਖਰ ਸ਼ਾਮਿਲ ਸੀ ਇਸ ਮੌਕੇ ਹਾਜ਼ਰ ਸਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article