ਕੇਂਦਰ ਸਰਕਾਰ ਦੀ ਟੀਮ ਨੇ ਕੀਤਾ ਜਮੀਨੀ ਪੱਧਰ ’ਤੇ ਸਰਵੇਖਣ
ਦਿ ਸਿਟੀ ਹੈਡਲਾਈਨ
ਲੁਧਿਆਣਾ, 18 ਦਸੰਬਰ
ਚਾਹੇ ਲੁਧਿਆਣਾ ਦੀਆਂ ਸੜਕਾਂ ’ਤੇ ਸਿਟੀ ਬੱਸਾਂ ਸਹੀ ਤਰੀਕੇ ਦੇ ਨਾਲ ਨਹੀਂ ਚੱਲੀਆਂ। ਪਰ ਜਨਤਾ ਨੂੰ ਚੰਗਾ ਜਨਤਕ ਟਰਾਂਸਪੋਰਟਰ ਦੇਣ ਦੇ ਲਈ ਹੁਣ 100 ਬਿਜਲੀ ਨਾਲ ਚੱਲਣ ਵਾਲੀਆਂ ਈ-ਬੱਸਾਂ ਚੱਲਣਗੀਆਂ। ਸ਼ਹਿਰ ਨੂੰ ਇਹ ਬੱਸਾਂ ਪ੍ਰਧਾਨ ਮੰਤਰੀ ਈ-ਬੱਸ ਸੇਵਾ ਯੋਜਨਾ ਦੇ ਦਿੱਤੀਆਂ ਜਾਣਗੀਆਂ। ਜਿਸਦੇ ਲਈ ਆਵਾਸ ਅਤੇ ਸ਼ਹਿਰੀ ਮਾਮਲਿਆਂ ਦੇ ਮੰਤਰਾਲੇ (ਐਮ.ਓ.ਐਚ.ਯੂ.ਏ.) ਦੀ ਇੱਕ ਕੇਂਦਰੀ ਟੀਮ ਨੇ ਸ਼ਹਿਰ ਵਿੱਚ ਦੌਰਾ ਕਰ ਜ਼ਮੀਨੀ ਪੱਧਰ ’ਤੇ ਸਰਵੇਖਣ ਕੀਤਾ।
ਸ਼ੁਰੂਆਤ ਵਿੱਚ ਟੀਮ ਦੇ ਮੈਂਬਰਾਂ ਨੇ ਨਗਰ ਨਿਗਮ ਜ਼ੋਨ ਡੀ ਦਫ਼ਤਰ ਵਿੱਚ ਨਗਰ ਨਿਗਮ ਦੇ ਅਧਿਕਾਰੀਆਂ ਨਾਲ ਮੀਟਿੰਗ ਕੀਤੀ, ਜਿਸ ਤੋਂ ਬਾਅਦ ਟੀਮ ਦੇ ਮੈਂਬਰ ਫੀਲਡ ਵਿੱਚ ਉਤਰ ਗਏ। ਟੀਮ ਦੀ ਅਗਵਾਈ ਟੀਮ ਲੀਡਰ (ਅਪਰੇਸ਼ਨ) ਰਾਮ ਪੌਣੀਕਰ ਕਰ ਰਹੇ ਸਨ ਅਤੇ ਟਰਾਂਸਪੋਰਟ ਪਲੈਨਰ ਪੁਸ਼ਪੇਂਦਰ ਪੰਡਿਤ ਅਤੇ ਅਰਬਨ ਪਲੈਨਰ ਏਕਤਾ ਕਪੂਰ ਵੀ ਟੀਮ ਦਾ ਹਿੱਸਾ ਸਨ। ਟੀਮ ਦੇ ਨਾਲ ਨਗਰ ਨਿਗਮ ਨਿਗਰਾਨ ਇੰਜਨੀਅਰ ਸੰਜੇ ਕੰਵਰ, ਕਾਰਜਕਾਰੀ ਇੰਜਨੀਅਰ ਮਨਜੀਤਇੰਦਰ ਸਿੰਘ, ਸੁਪਰਡੈਂਟ ਓ.ਪੀ.ਕਪੂਰ ਆਦਿ ਹਾਜ਼ਰ ਸਨ। ਮੀਟਿੰਗ ਵਿੱਚ ਰੋਡਵੇਜ਼ ਵਿਭਾਗ, ਖੇਤਰੀ ਟਰਾਂਸਪੋਰਟ ਅਥਾਰਟੀ (ਆਰ.ਟੀ.ਏ.) ਦੇ ਅਧਿਕਾਰੀ ਵੀ ਮੌਜੂਦ ਸਨ। ਈ-ਬੱਸ ਡਿਪੂਆਂ ਦੀ ਸਥਾਪਨਾ ਸਮੇਤ ਬਿਜਲੀ ਦੀਆਂ ਲਾਈਨਾਂ ਵਿਛਾਉਣ ਅਤੇ ਚਾਰਜਿੰਗ ਸਟੇਸ਼ਨਾਂ ਦੀ ਸਥਾਪਨਾ ਆਦਿ ਬਾਰੇ ਵਿਚਾਰ-ਵਟਾਂਦਰਾ ਕੀਤਾ ਗਿਆ। ਈ-ਬੱਸਾਂ ਲਈ ਪ੍ਰਸਤਾਵਿਤ ਰੂਟ ਪਲਾਨ ਬਾਰੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਨਿਗਰਾਨ ਇੰਜਨੀਅਰ ਸੰਜੇ ਕੰਵਰ ਨੇ ਦੱਸਿਆ ਕਿ ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਦੇ ਨਿਰਦੇਸ਼ਾਂ ’ਤੇ ਕੰਮ ਕਰਦੇ ਹੋਏ ਸ਼ਹਿਰ ਵਿੱਚ ਦੋ ਈ-ਬੱਸ ਡਿਪੂ ਸਥਾਪਤ ਕੀਤੇ ਜਾਣਗੇ ਜਿਨ੍ਹਾਂ ਵਿੱਚ ਇੱਕ ਚੀਮਾ ਚੌਕ ਨੇੜੇ ਘੋੜਾ ਫੈਕਟਰੀ ਰੋਡ ’ਤੇ ਅਤੇ ਇੱਕ ਹੰਬੜਾਂ ਰੋਡ ’ਤੇ ਸਿਟੀ ਬੱਸ ਡਿਪੂ ਵਾਲੀ ਜਗ੍ਹਾ ’ਤੇ ਸਥਾਪਤ ਕੀਤਾ ਜਾਵੇਗਾ। ਟੀਮ ਨੇ ਇਨ੍ਹਾਂ ਥਾਵਾਂ ਦਾ ਦੌਰਾ ਵੀ ਕੀਤਾ ਅਤੇ ਕੁਝ ਰੂਟਾਂ ਦੀ ਜਾਂਚ ਕੀਤੀ ਜਿੱਥੇ ਨਗਰ ਨਿਗਮ ਵੱਲੋਂ ਪਹਿਲਾਂ ਹੀ ਸਿਟੀ ਬੱਸ ਸੇਵਾ ਮੁਹੱਈਆ ਕਰਵਾਈ ਜਾ ਰਹੀ ਹੈ।
ਨਗਰ ਨਿਗਮ ਕਮਿਸ਼ਨਰ ਸੰਦੀਪ ਰਿਸ਼ੀ ਨੇ ਕਿਹਾ ਕਿ ਇਹ ਜਨਤਕ ਟਰਾਂਸਪੋਰਟ ਸੈਕਟਰ ਅਤੇ ਹਰੀ ਆਵਾਜਾਈ ਨੂੰ ਵੱਡਾ ਹੁਲਾਰਾ ਦੇਵੇਗਾ ਕਿਉਂਕਿ ਇਸ ਯੋਜਨਾ ਤਹਿਤ ਸ਼ਹਿਰ ਨੂੰ 100 ਮਿੰਨੀ ਈ-ਬੱਸਾਂ ਮਿਲਣਗੀਆਂ। ਵਿਭਾਗ ਨੇ ਸ਼ਹਿਰ ਦੀਆਂ ਸੜਕਾਂ ’ਤੇ ਭੀੜ-ਭੜੱਕੇ ਤੋਂ ਬਚਣ ਲਈ ਮਿੰਨੀ ਬੱਸਾਂ ਦੀ ਚੋਣ ਕੀਤੀ ਹੈ। ਈ-ਬੱਸਾਂ ਦੀ ਖਰੀਦ ਸਰਕਾਰੀ ਪੱਧਰ ’ਤੇ ਕੀਤੀ ਜਾਣੀ ਹੈ।
ਸੰਦੀਪ ਰਿਸ਼ੀ ਨੇ ਅੱਗੇ ਦੱਸਿਆ ਕਿ ਬੁਨਿਆਦੀ ਢਾਂਚੇ/ਡਿਪੂਆਂ ਦੀ ਸਥਾਪਨਾ ਲਈ ਨਿਯਮਤ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ ਅਤੇ ਤਖਮੀਨੇ ਵੀ ਬਣਾਏ ਜਾ ਰਹੇ ਹਨ। ਲੋਕਾਂ ਨੂੰ ਵੱਡੇ ਪੱਧਰ ’ਤੇ ਲਾਭ ਪਹੁੰਚਾਉਣ ਲਈ ਈ-ਬੱਸ ਸੇਵਾ ਦੇ ਰੂਟਾਂ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ।