Wednesday, November 27, 2024
spot_img

ਜਲੰਧਰ ਲੋਕ ਸਭਾ ਜ਼ਿਮਨੀ ਚੋਣ : 10 ਮਈ ਨੂੰ 16.21 ਲੱਖ ਵੋਟਰ ਆਪਣੀ ਵੋਟ ਦੇ ਅਧਿਕਾਰ ਦੀ ਕਰਨਗੇ ਵਰਤੋਂ

Must read

ਚੰਡੀਗੜ੍ਹ, 9 ਮਈ: ਦਫ਼ਤਰ ਮੁੱਖ ਚੋਣ ਅਫ਼ਸਰ (ਸੀ.ਈ.ਓ.) ਪੰਜਾਬ ਵੱਲੋਂ ਜਲੰਧਰ ਦੀ ਲੋਕ ਸਭਾ ਜ਼ਿਮਨੀ ਚੋਣ ਨੂੰ ਸੁਤੰਤਰ, ਨਿਰਪੱਖ ਅਤੇ ਸ਼ਾਂਤੀਪੂਰਵਕ ਢੰਗ ਨਾਲ ਨੇਪਰੇ ਚਾੜ੍ਹਨ ਲਈ ਲੋੜੀਂਦੇ ਸਾਰੇ ਪ੍ਰਬੰਧ ਕਰ ਲਏ ਗਏ ਹਨ। ਮੀਡੀਆ ਨੂੰ ਜਾਣਕਾਰੀ ਦਿੰਦਿਆਂ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਦੱਸਿਆ ਕਿ ਚੋਣ ਅਮਲਾ ਸ਼ਾਂਤੀਪੂਰਨ, ਸੁਤੰਤਰ ਅਤੇ ਨਿਰਪੱਖ ਚੋਣਾਂ ਨੂੰ ਯਕੀਨੀ ਬਣਾਉਣ ਲਈ 24 ਘੰਟੇ ਕੰਮ ਕਰ ਰਿਹਾ ਹੈ। ਉਨ੍ਹਾਂ ਦੱਸਿਆ ਕਿ ਕੁੱਲ 16,21,759 ਵੋਟਰ ਹਨ ਜਿਨ੍ਹਾਂ ਵਿੱਚ 8,44,904 ਪੁਰਸ਼, 7,76,855 ਔਰਤਾਂ, 10,286 ਦਿਵਿਆਂਗ ਵਿਅਕਤੀ, 1850 ਸਰਵਿਸ ਵੋਟਰ, 73 ਵਿਦੇਸ਼ੀ/ਪ੍ਰਵਾਸੀ ਵੋਟਰ ਅਤੇ 41 ਟਰਾਂਸਜੈਂਡਰ ਹਨ। ਉਨ੍ਹਾਂ ਕਿਹਾ ਕਿ 19 ਉਮੀਦਵਾਰ ਚੋਣ ਮੈਦਾਨ ਵਿੱਚ ਹਨ ਜਿਨ੍ਹਾਂ ਵਿੱਚ 15 ਪੁਰਸ਼ ਅਤੇ 4 ਔਰਤਾਂ ਹਨ।

ਉਨ੍ਹਾਂ ਦੱਸਿਆ ਕਿ ਕੁੱਲ 19 ਉਮੀਦਵਾਰਾਂ ਵਿੱਚੋਂ ਤਿੰਨ ਕੌਮੀ ਪਾਰਟੀਆਂ ਦੇ, ਇੱਕ ਸੂਬਾਈ ਪਾਰਟੀ ਤੋਂ, ਸੱਤ ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਤੋਂ ਜਦਕਿ ਅੱਠ ਆਜ਼ਾਦ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਚੋਣ ਲੜ ਰਹੇ ਪੰਜ ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ। ਸਿਬਿਨ ਸੀ ਨੇ ਦੱਸਿਆ ਕਿ 1972 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ ਅਤੇ ਸਾਰੇ ਪੋਲਿੰਗ ਸਟੇਸ਼ਨਾਂ ਦੀ ਵੈਬਕਾਸਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਤਿੰਨ ਤੋਂ ਵੱਧ ਪੋਲਿੰਗ ਸਟੇਸ਼ਟ ਵਾਲੀਆਂ ਥਾਵਾਂ ਜੋ ਕਿ ਜਲੰਧਰ ਸੰਸਦੀ ਹਲਕੇ ਵਿੱਚ ਕੁੱਲ 166 ਹਨ, ਦੇ ਪੋਲਿੰਗ ਸਟੇਸ਼ਨਾਂ ਦੇ ਬਾਹਰ ਵਾਧੂ ਕੈਮਰੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ 542 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 16 ਨੂੰ ਅਤਿ ਸੰਵੇਦਨਸ਼ੀਲ ਅਤੇ 30 ਨੂੰ ਐਕਸਪੈਂਡੀਚਰ ਸੈਂਸਟਿਵ ਪਾਕਿਟਸ ਵਜੋਂ ਦਰਸਾਇਆ ਗਿਆ ਹੈ।

ਵਧੇਰੇ ਜਾਣਕਾਰੀ ਦਿੰਦਿਆਂ ਸੀ.ਈ.ਓ. ਪੰਜਾਬ ਨੇ ਦੱਸਿਆ ਕਿ ਇਨ੍ਹਾਂ ਚੋਣਾਂ ਵਿੱਚ 4839 ਬੈਲਟ ਯੂਨਿਟ, 2927 ਕੰਟਰੋਲ ਯੂਨਿਟ ਅਤੇ 2973 ਵੀ.ਵੀ.ਪੈਟ ਦੀ ਵਰਤੋਂ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਦੱਸਿਆ ਕਿ 45 ਮਾਡਲ ਪੋਲਿੰਗ ਸਟੇਸ਼ਨ ਹੋਣਗੇ ਅਤੇ 9 (ਪ੍ਰਤੀ ਏਸੀ ਇੱਕ) ਪੋਲਿੰਗ ਸਟੇਸ਼ਨ ਔਰਤਾਂ ਦੁਆਰਾ ਪ੍ਰਬੰਧਿਤ ਹੋਣਗੇ। ਉਨ੍ਹਾਂ ਕਿਹਾ ਕਿ ਹਰ ਪੋਲਿੰਗ ਸਟੇਸ਼ਨ ‘ਤੇ ਪੀਣ ਵਾਲਾ ਪਾਣੀ, ਟੈਂਟ ਅਤੇ ਕੁਰਸੀਆਂ, ਘੱਟੋ-ਘੱਟ ਇਕ ਵ੍ਹੀਲ ਚੇਅਰ ਵਰਗੀਆਂ ਸਹੂਲਤਾਂ ਹੋਣਾ ਯਕੀਨੀ ਬਣਾਇਆ ਜਾਵੇਗਾ।

ਇਸ ਤੋਂ ਇਲਾਵਾ ਹਰੇਕ ਪੋਲਿੰਗ ਸਟੇਸ਼ਨ ‘ਤੇ ਦਸਤਾਨੇ, ਸੈਨੀਟਾਈਜ਼ਰ, ਸਾਬਣ ਅਤੇ ਮਾਸਕ ਸਮੇਤ ਕੋਵਿਡ-19 ਨਿਯਮਾਂ ਤਹਿਤ ਸਮੱਗਰੀ ਹੋਵੇਗੀ, ਜਦਕਿ ਕੋਵਿਡ ਵੇਸਟ ਮਟੀਰੀਅਲ ਦੇ ਨਿਪਟਾਰੇ ਲਈ ਕੂੜੇਦਾਨ ਅਤੇ ਰੰਗਦਾਰ ਬੈਗ ਰੱਖੇ ਜਾਣਗੇ। ਉਨ੍ਹਾਂ ਕਿਹਾ ਕਿ ਸਾਰੇ ਪੋਲਿੰਗ ਸਟਾਫ਼ ਨੂੰ ਖਾਣਾ ਅਤੇ ਰਿਫਰੈਸ਼ਮੈਂਟ ਮੁਹੱਈਆ ਕਰਵਾਈ ਜਾਵੇਗੀ। ਉਨ੍ਹਾਂ ਅੱਗੇ ਕਿਹਾ ਕਿ 80 ਤੋਂ ਵੱਧ ਉਮਰ ਦੇ ਬਜ਼ੁਰਗ ਨਾਗਰਿਕਾਂ, ਦਿਵਿਆਂਗ ਵਿਅਕਤੀਆਂ ਅਤੇ ਕੋਵਿਡ ਦੇ ਮਰੀਜ਼ਾਂ ਨੂੰ ਉਨ੍ਹਾਂ ਦੇ ਘਰਾਂ ਤੋਂ ਹੀ ਵੋਟ ਪਾਉਣ ਲਈ ਪੋਸਟਲ ਬੈਲਟ ਦੀ ਸਹੂਲਤ ਪ੍ਰਦਾਨ ਕੀਤੀ ਗਈ ਅਤੇ 888 ਵੋਟਰਾਂ ਨੇ ਪੋਸਟਲ ਬੈਲਟ ਰਾਹੀਂ ਆਪਣੀ ਵੋਟ ਪਾਈ।

ਸਿਬਿਨ ਸੀ ਨੇ ਕਿਹਾ ਕਿ ਈ.ਵੀ.ਐਮ. ਦੀ ਢੋਆ-ਢੁਆਈ ਲਈ 703 ਜੀ.ਪੀ.ਐਸ. ਅਧਾਰਤ ਵਾਹਨ ਵਰਤੇ ਜਾ ਰਹੇ ਹਨ ਅਤੇ ਵੈੱਬ ਕੈਮਰਿਆਂ ਜ਼ਰੀਏ 27 ਫਲਾਇੰਗ ਸਕੁਐਡ ਟੀਮ (ਪ੍ਰਤੀ ਏਸੀ ਤਿੰਨ) ਚੌਵੀ ਘੰਟੇ ਚੌਕਸੀ ਰੱਖ ਰਹੀ ਹੈ। ਸੀ.ਈ.ਓ ਨੇ ਦੱਸਿਆ ਕਿ ਆਦਰਸ਼ ਚੋਣ ਜ਼ਾਬਤਾ ਲਾਗੂ ਹੋਣ ਤੋਂ ਬਾਅਦ ਕੌਮੀ ਸ਼ਿਕਾਇਤ ਨਿਵਾਰਨ ਪੋਰਟਲ (ਐੱਨ.ਜੀ.ਆਰ.ਐੱਸ.) ‘ਤੇ 1083 ਸ਼ਿਕਾਇਤਾਂ ਪ੍ਰਾਪਤ ਹੋਈਆਂ ਹਨ, ਜਿਨ੍ਹਾਂ ‘ਚੋਂ 989 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ, ਜਦਕਿ 94 ਪ੍ਰਕਿਰਿਆ ਅਧੀਨ ਹਨ। ਉਨ੍ਹਾਂ ਅੱਗੇ ਦੱਸਿਆ ਕਿ ਵੀ-ਵਿਜਿਲ ਐਪ ‘ਤੇ 1381 ਸ਼ਿਕਾਇਤਾਂ ਪ੍ਰਾਪਤ ਹੋਈਆਂ ਸਨ, ਜਿਨ੍ਹਾਂ ਵਿੱਚੋਂ 1142 ਸਹੀ ਪਾਈਆਂ ਗਈਆਂ ਅਤੇ ਉਨ੍ਹਾਂ ਦਾ ਨਿਰਧਾਰਤ 100 ਮਿੰਟਾਂ ਵਿੱਚ ਨਿਬੇੜਾ ਕੀਤਾ ਗਿਆ। ਅਮਨ-ਕਾਨੂੰਨ ਬਾਰੇ ਜਾਣਕਾਰੀ ਦਿੰਦਿਆਂ ਸਿਬਿਨ ਸੀ ਨੇ ਕਿਹਾ ਕਿ ਸੰਸਦੀ ਹਲਕੇ ਵਿੱਚ ਤਾਇਨਾਤ ਪੁਲਿਸ ਪਾਰਟੀਆਂ ਵੱਲੋਂ ਆਜ਼ਾਦ ਅਤੇ ਨਿਰਪੱਖ ਚੋਣ ਅਮਲ ਨੂੰ ਯਕੀਨੀ ਬਣਾਉਣ ਲਈ ਸ਼ਰਾਬ, ਨਸ਼ੀਲੇ ਪਦਾਰਥਾਂ ਅਤੇ ਪੈਸੇ ਦੇ ਲੈਣ-ਦੇਣ ਸਬੰਧੀ ਕਾਰਵਾਈਆਂ ਨੂੰ ਠੱਲ੍ਹ ਪਾਉਣ ਵਾਸਤੇ ਚੰਗੀ ਤਰ੍ਹਾਂ ਤਲਾਸ਼ੀ ਲਈ ਜਾ ਰਹੀ ਹੈ।

ਸੀ.ਈ.ਓ. ਪੰਜਾਬ ਨੇ ਇਹ ਵੀ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਦੇ 48 ਘੰਟਿਆਂ ਸਬੰਧੀ ਸਟੈਂਡਰਡ ਓਪਰੇਟਿੰਗ ਪ੍ਰਕਿਰਿਆ (ਐਸ.ਓ.ਪੀ.) 8 ਮਈ, 2023 ਸ਼ਾਮ 6 ਵਜੇ ਤੋਂ ਲਾਗੂ ਹੋ ਗਈ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਚੋਣਾਂ ਦੇ ਮੱਦੇਨਜ਼ਰ ਜਲੰਧਰ ਜ਼ਿਲ੍ਹੇ ਨੂੰ 8 ਮਈ, 2023 ਸ਼ਾਮ 6 ਵਜੇ ਤੋਂ ਵੋਟਾਂ ਪੈਣ ਭਾਵ 10 ਮਈ, 2023 ਤੱਕ ਡਰਾਈ ਏਰੀਆ ਘੋਸ਼ਿਤ ਕੀਤਾ ਗਿਆ ਹੈ ਅਤੇ ਇਸ ਸਮੇਂ ਦੌਰਾਨ ਜ਼ਿਲ੍ਹੇ ਵਿੱਚ ਸ਼ਰਾਬ ਦੀ ਵਿਕਰੀ ‘ਤੇ ਮੁਕੰਮਲ ਪਾਬੰਦੀ ਰਹੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਗੁਆਂਢੀ ਜ਼ਿਲ੍ਹਿਆਂ ਵਿੱਚ 3 ਕਿਲੋਮੀਟਰ ਦੇ ਘੇਰੇ ਵਿੱਚ ਪੈਂਦੇ ਸ਼ਰਾਬ ਦੇ ਠੇਕਿਆਂ ਨੂੰ ਵੀ ਇਸ ਦੌਰਾਨ ਡਰਾਈ ਏਰੀਆ ਐਲਾਨਿਆ ਗਿਆ ਹੈ। ਉਨ੍ਹਾਂ ਕਿਹਾ ਕਿ ਚੋਣ ਪ੍ਰਚਾਰ ਖਤਮ ਹੋਣ ਤੋਂ ਬਾਅਦ ਚੋਣਾਂ ਵਾਲੇ ਖੇਤਰਾਂ/ਹਲਕਿਆਂ ਵਿੱਚ ਗੈਰਕਾਨੂੰਨੀ ਇਕੱਠਾਂ ਅਤੇ ਦੌਰਾਨ ਜਨਤਕ ਮੀਟਿੰਗਾਂ ਕਰਨ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਦੌਰਾਨ, ਭਾਰਤੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਨੇ ਲੋਕ ਸਭਾ ਜ਼ਿਮਨੀ ਚੋਣ ਦੇ ਮੱਦੇਨਜ਼ਰ 10 ਮਈ, 2023 ਨੂੰ ਜਲੰਧਰ ਜ਼ਿਲ੍ਹੇ ਵਿੱਚ ਛੁੱਟੀ ਦਾ ਐਲਾਨ ਕੀਤਾ ਹੈ ਤਾਂ ਜੋ ਵੋਟਰ ਬਿਨਾਂ ਕਿਸੇ ਦਿੱਕਤ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰ ਸਕਣ। ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 135 ਬੀ ਦੇ ਉਪਬੰਧਾਂ ਅਨੁਸਾਰ, ਸਨਅਤੀ ਅਦਾਰਿਆਂ, ਵਪਾਰਕ ਅਦਾਰਿਆਂ, ਦੁਕਾਨਾਂ ਅਤੇ ਹੋਰ ਅਦਾਰਿਆਂ ਦੇ ਕਰਮਚਾਰੀਆਂ ਲਈ ਜਲੰਧਰ ਵਿੱਚ ਵੋਟਾਂ ਪੈਣ ਦੀ ਮਿਤੀ ਭਾਵ 10 ਮਈ, 2023 ਨੂੰ ਤਨਖਾਹ ਸਮੇਤ ਛੁੱਟੀ ਹੋਵੇਗੀ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article