ਅਮਰਨਾਥ ਯਾਤਰਾ 2023 ਦੀ ਸ਼ੁਰੂਆਤ ਦੀਆਂ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਹੈ। ਪਹਿਲੀ ਵਾਰ 62 ਦਿਨਾਂ ਦੀ ਸ਼੍ਰੀ ਅਮਰਨਾਥ ਯਾਤਰਾ ਇਸ ਸਾਲ 1 ਜੁਲਾਈ ਤੋਂ ਸ਼ੁਰੂ ਹੋਵੇਗੀ। ਇਹ ਯਾਤਰਾ 31 ਅਗਸਤ ਤੱਕ ਰੱਖੜੀਆਂ ਤੱਕ ਜਾਰੀ ਰਹੇਗੀ। ਯਾਤਰਾ ਲਈ ਦੇਸ਼ ਵਿਆਪੀ ਰਜਿਸਟ੍ਰੇਸ਼ਨ 17 ਅਪ੍ਰੈਲ ਤੋਂ ਸ਼ੁਰੂ ਹੋਵੇਗੀ। ਬਾਬਾ ਅਮਰਨਾਥ ਦੀ ਪਵਿੱਤਰ ਗੁਫਾ ਤੋਂ ਸਵੇਰ ਅਤੇ ਸ਼ਾਮ ਦੀ ਆਰਤੀ ਦਾ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। ਦੇਸ਼-ਦੁਨੀਆ ਤੋਂ ਬੈਠੇ ਸ਼ਰਧਾਲੂ ਰੋਜ਼ਾਨਾ ਬਾਬਾ ਬਰਫਾਨੀ ਦੀ ਆਰਤੀ ਦਾ ਲਾਭ ਉਠਾ ਸਕਦੇ ਹਨ। ਦੋਵੇਂ ਟ੍ਰੈਕ ਅਨੰਤਨਾਗ ਜ਼ਿਲ੍ਹੇ ਦੇ ਪਹਿਲਗਾਮ ਅਤੇ ਗੰਦਰਬਲ ਜ਼ਿਲ੍ਹੇ ਦੇ ਬਾਲਟਾਲ ਤੋਂ ਸ਼ੁਰੂ ਹੋਣਗੇ। ਉਪ ਰਾਜਪਾਲ ਮਨੋਜ ਸਿਨਹਾ ਨੇ ਯਾਤਰਾ ਦੀਆਂ ਤਰੀਕਾਂ ਦਾ ਐਲਾਨ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ 2009 ‘ਚ ਯਾਤਰਾ 60 ਦਿਨਾਂ ਦੀ ਸੀ। ਇਸੇ ਤਰ੍ਹਾਂ 2010 ‘ਚ ਇਹ 55 ਦਿਨ, 2013 ਵਿੱਚ 55 ਦਿਨ ਅਤੇ ਸਾਲ 2017 ਵਿੱਚ 59 ਦਿਨ ਸੀ।
ਲੈਫਟੀਨੈਂਟ ਗਵਰਨਰ ਨੇ ਕਿਹਾ ਕਿ ਪ੍ਰਸ਼ਾਸਨ ਸ਼ਰਧਾਲੂਆਂ ਅਤੇ ਸੇਵਾਦਾਰਾਂ ਨੂੰ ਬਿਹਤਰ ਸਿਹਤ ਸਹੂਲਤਾਂ ਦੇ ਨਾਲ-ਨਾਲ ਹੋਰ ਸਹੂਲਤਾਂ ਪ੍ਰਦਾਨ ਕਰੇਗਾ। ਯਾਤਰਾ ਸ਼ੁਰੂ ਹੋਣ ਤੋਂ ਪਹਿਲਾਂ ਹੀ ਦੂਰਸੰਚਾਰ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ। ਸ਼ਰਧਾਲੂਆਂ ਦੀ ਰਿਹਾਇਸ਼, ਬਿਜਲੀ, ਪਾਣੀ, ਸੁਰੱਖਿਆ ਅਤੇ ਹੋਰ ਪ੍ਰਬੰਧਾਂ ਲਈ ਸਾਰੇ ਵਿਭਾਗ ਆਪਸੀ ਤਾਲਮੇਲ ਨਾਲ ਕੰਮ ਕਰਨਗੇ ਤਾਂ ਜੋ ਸਮੇਂ ਸਿਰ ਹਰ ਤਰ੍ਹਾਂ ਦੀਆਂ ਸਹੂਲਤਾਂ ਨੂੰ ਯਕੀਨੀ ਬਣਾਇਆ ਜਾ ਸਕੇ। ਉਪ ਰਾਜਪਾਲ ਨੇ ਉੱਚ ਪੱਧਰੀ ਸਫਾਈ ਸਹੂਲਤਾਂ ਅਤੇ ਕੂੜੇ ਦੇ ਨਿਪਟਾਰੇ ਲਈ ਨਿਰਦੇਸ਼ ਦਿੱਤੇ। ਜ਼ਿਕਰਯੋਗ ਹੈ ਕਿ 31 ਮਾਰਚ ਨੂੰ ਹੋਈ ਸ਼੍ਰੀ ਅਮਰਨਾਥ ਸ਼ਰਾਈਨ ਬੋਰਡ ਦੀ 44ਵੀਂ ਬੈਠਕ ‘ਚ ਯਾਤਰਾ ਸ਼ੁਰੂ ਕਰਨ ਦੀਆਂ ਦੋ ਤਰੀਕਾਂ 27 ਜੂਨ ਅਤੇ 1 ਜੁਲਾਈ ‘ਤੇ ਵਿਚਾਰ ਕੀਤਾ ਗਿਆ ਸੀ। ਇਸ ਦੇ ਨਾਲ ਹੀ ਰਜਿਸਟ੍ਰੇਸ਼ਨ, ਹੈਲੀਕਾਪਟਰ ਦੀ ਸਹੂਲਤ, ਕੈਂਪ, ਲੰਗਰ ਦੀ ਸਹੂਲਤ ਅਤੇ ਯਾਤਰੀਆਂ ਦੇ ਬੀਮੇ ਬਾਰੇ ਵਿਚਾਰ ਕੀਤਾ ਗਿਆ।