Wednesday, November 27, 2024
spot_img

ਪੰਜਾਬ ਦੇ ਮੁੱਖ ਚੋਣ ਅਧਿਕਾਰੀ ਨੇ ਵੀਡੀਓ ਕਾਨਫ਼ਰੰਸ ਰਾਹੀਂ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਦਾ ਲਿਆ ਜਾਇਜ਼ਾ

Must read

ਗੁਰਦਾਸਪੁਰ, 16 ਮਈ : ਪੰਜਾਬ ਦੇ ਮੁੱਖ ਚੋਣ ਅਧਿਕਾਰੀ ਸਿਬਿਨ ਸੀ ਨੇ ਲੋਕ ਸਭਾ ਚੋਣਾਂ-2024 ਦੀਆਂ ਤਿਆਰੀਆਂ ਦਾ ਜਾਇਜ਼ਾ ਲੈਣ ਲਈ ਅੱਜ ਸੂਬੇ ਦੇ ਸਾਰੇ ਡਿਪਟੀ ਕਮਿਸ਼ਨਰਾਂ-ਕਮ-ਜ਼ਿਲ੍ਹਾ ਚੋਣ ਅਧਿਕਾਰੀਆਂ, ਪੁਲਿਸ ਕਮਿਸ਼ਨਰਾਂ ਅਤੇ ਐੱਸਐੱਸਪੀਜ਼ ਨਾਲ ਵੀਡੀਓ ਕਾਨਫ਼ਰਸਿੰਗ ਰਾਹੀਂ ਮੀਟਿੰਗ ਕੀਤੀ।

ਮੀਟਿੰਗ ਦੌਰਾਨ ਮੁੱਖ ਚੋਣ ਅਧਿਕਾਰੀ ਨੇ ਪੋਲਿੰਗ ਸਟੇਸ਼ਨਾਂ ਉੱਤੇ ਪੋਲਿੰਗ ਪ੍ਰਬੰਧਾਂ, ਹੀਟ ਵੇਵ ਤੋਂ ਬਚਾਅ ਸਬੰਧੀ ਕੀਤੇ ਜਾਣ ਵਾਲੇ ਉਪਰਾਲਿਆਂ, ਪੋਲਿੰਗ ਸਟਾਫ਼ ਦੀ ਤਾਇਨਾਤੀ, ਸੰਵੇਦਨਸ਼ੀਲ ਬੂਥਾਂ ਦੀ ਮੈਪਿੰਗ, ਸਵੀਪ (ਸਿਸਟੇਮੈਟਿਕ ਵੋਟਰਜ਼ ਐਜੂਕੇਸ਼ਨ ਅਤੇ ਇਲੈਕਟੋਰਲ ਪਾਰਟੀਸੀਪੇਸ਼ਨ) ਗਤੀਵਿਧੀਆਂ, ਵੈੱਬ ਕਾਸਟਿੰਗ, ਸੀਆਰਪੀਐਫ ਦੀ ਤਾਇਨਾਤੀ, ਸੰਚਾਰ ਯੋਜਨਾ, ਅੰਤਰਰਾਜੀ ਸਰਹੱਦਾਂ ਉੱਤੇ ਸੁਰੱਖਿਆ ਪ੍ਰਬੰਧਾਂ ਦੇ ਨਾਲ-ਨਾਲ ਸੂਬੇ ਵਿੱਚ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਵਾਉਣ ਲਈ ਕਾਨੂੰਨ-ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਲਿਆ।

ਮੀਟਿੰਗ ਦੌਰਾਨ ਵੱਖ-ਵੱਖ ਗਤੀਵਿਧੀਆਂ ਜਿਵੇਂ ਕਿ ਚੋਣ ਪਹਿਚਾਣ ਪੱਤਰ, ਵੋਟਰਾਂ ਦੀ ਜਾਣਕਾਰੀ, ਵੈੱਬ ਕਾਸਟਿੰਗ, ਈ.ਵੀ.ਐਮ. ਸਟੋਰੇਜ ਅਤੇ ਟਰਾਂਸਪੋਰਟਿੰਗ, ਫੇਕ ਨਿਊਜ਼ ਅਤੇ ਪੇਡ ਨਿਊਜ਼ ਦੀ ਜਾਂਚ, ਸੰਵੇਦਨਸ਼ੀਲ ਪੋਲਿੰਗ ਖੇਤਰਾਂ ਦੀ ਪਛਾਣ, ਹੋਰ ਮਾਡਲ ਪੋਲਿੰਗ ਬੂਥਾਂ ਦੀ ਸਥਾਪਨਾ, ਆਦਰਸ਼ ਚੋਣ ਜ਼ਾਬਤੇ, ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਦਾ ਜਾਇਜ਼ਾ ਅਤੇ ਹਰੇਕ ਜ਼ਿਲ੍ਹੇ ਤੋਂ ਤਿਆਰੀਆਂ ਸਬੰਧੀ ਜਾਣਕਾਰੀ ਲਈ ਗਈ।

ਵੀਡੀਓ ਕਾਨਫ਼ਰੰਸ ਦੌਰਾਨ ਜ਼ਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਲਈ ਜ਼ਿਲ੍ਹਾ ਗੁਰਦਾਸਪੁਰ ਦੀ ਪੂਰੀ ਤਿਆਰੀ ਹੈ। ਉਨ੍ਹਾਂ ਦੱਸਿਆ ਕਿ ਗੁਰਦਾਸਪੁਰ ਵਿਖੇ ਨਾਮਜ਼ਦਗੀ ਪੇਪਰ ਜਮ੍ਹਾਂ ਕਰਵਾਉਣ ਅਤੇ ਉਨ੍ਹਾਂ ਦੀ ਪੜਤਾਲ ਦਾ ਕੰਮ ਮੁਕੰਮਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜ਼ਾਬਤੇ ਨੂੰ ਸਖਤੀ ਨਾਲ ਲਾਗੂ ਕੀਤਾ ਜਾ ਰਿਹਾ ਹੈ ਅਤੇ ਜ਼ਿਲ੍ਹੇ ਵਿੱਚ 66 ਫਲਾਇੰਡ ਸੂਕੈਅਡ, 3 ਫਲਾਇੰਗ ਸੂਕੈਅਡ (ਸੀ-ਵਿਜ਼ਲ), 21 ਵੀਡੀਓ ਸਰਵੀਲੈਂਸ ਟੀਮਾਂ, 66 ਸਟੈਟਿਕ ਸਰਵੀਲੈਂਸ ਟੀਮਾਂ, 21 ਵੀਡੀਓ ਵੀਊਵਿੰਗ ਟੀਮਾਂ, 7 ਅਕਾਊਂਟਿੰਗ ਟੀਮਾਂ, 10 ਅਸਿਸਟੈਂਟ ਖ਼ਰਚਾ ਅਬਜ਼ਰਵਰ, 1 ਖ਼ਰਚਾ ਮੋਨੀਟਰਿੰਗ ਸੈੱਲ, 3 ਲੀਕਰ ਮੋਨੀਟਰਿੰਗ ਟੀਮਾਂ, 2 ਮੀਡੀਆ ਸਰਟੀਫਿਕੇਸ਼ਨ ਐਂਡ ਸਰਟੀਫਿਕੇਸ਼ਨ ਟੀਮਾਂ ਪੂਰੀ ਮੁਸ਼ਤੈਦੀ ਨਾਲ ਕੰਮ ਕਰ ਰਹੀਆਂ ਹਨ।

ਡਿਪਟੀ ਕਮਿਸ਼ਨਰ ਨੇ ਦੱਸਿਆ ‌ਕਿ ਪੋਲਿੰਗ ਸਟਾਫ਼ ਦੀ ਪਹਿਲੀ ਸਿਖਲਾਈ ਮੁਕੰਮਲ ਹੋ ਚੁੱਕੀ ਹੈ ਅਤੇ ਚੋਣ ਕਮਿਸ਼ਨ ਦੇ ਸ਼ਡਿਊਲ ਅਨੁਸਾਰ ਆਉਂਦੇ ਦਿਨਾਂ ਵਿੱਚ ਪੋਲਿੰਗ ਸਟਾਫ਼ ਦੀਆਂ ਹੋਰ ਟਰੇਨਿੰਗਾਂ ਲਗਾਈਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਡਿਸਪਰਸਲ ਸੈਂਟਰਾਂ, ਪੋਲਿੰਗ ਸਟੇਸ਼ਨਾਂ ਅਤੇ ਕੁਲੈਕਸ਼ਨ ਕੇਂਦਰਾਂ ‘ਤੇ ਵੱਖ-ਵੱਖ ਤਰੀਕਿਆਂ ਰਾਹੀਂ ਪੋਲਿੰਗ ਸਟਾਫ਼ ਨੂੰ ਗਰਮੀ ਤੋਂ ਬਚਾਉਣ ਲਈ ਲੋੜੀਂਦੇ ਉਪਾਅ ਕੀਤੇ ਜਾਣਗੇ ਅਤੇ ਪੋਲਿੰਗ ਸਟੇਸ਼ਨਾਂ ਉੱਪਰ ਵੋਟਰਾਂ ਲਈ ਛਬੀਲ ਆਦਿ ਦਾ ਵਿਸ਼ੇਸ਼ ਪ੍ਰਬੰਧ ਕੀਤਾ ਜਾਵੇਗਾ। ਇਸ ਤੋਂ ਇਲਾਵਾ ਪੋਲਿੰਗ ਸਟੇਸ਼ਨਾਂ ‘ਤੇ ਛਾਂ, ਵੇਟਿੰਗ ਏਰੀਆ ਅਤੇ ਪਖਾਨਿਆਂ ਦਾ ਪ੍ਰਬੰਧ ਵੀ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਵਿੱਚ 35 ਮਾਡਲ ਪੋਲਿੰਗ ਸਟੇਸ਼ਨ ਸਥਾਪਤ ਕੀਤੇ ਜਾਣਗੇ ਜਦਕਿ 7 ਪਿੰਕ ਪੋਲਿੰਗ ਸਟੇਸ਼ਨ ਬਣਾਏ ਜਾਣਗੇ। ਬਟਾਲਾ ਦੇ ਧਰਮਪੁਰਾ ਸਕੂਲ ਵਿੱਚ ਗਰੀਨ ਪੋਲਿੰਗ ਸਟੇਸ਼ਨ, ਗੁਰਦਾਸਪੁਰ ਦੇ ਤਿੱਬੜ ਸਕੂਲ ਵਿਖੇ ਯੂਥ ਪੋਲਿੰਗ ਸਟੇਸ਼ਨ ਅਤੇ ਗੁਰਦਾਸਪੁਰ ਦੇ ਹੀ ਗੁਰੂ ਨਾਨਕ ਖ਼ਾਲਸਾ ਮਿਡਲ ਸਕੂਲ (ਗਰਲਜ਼) ਵਿਖੇ ਪੀ.ਡਬਲਿਊ.ਡੀ. ਪੋਲਿੰਗ ਸਟੇਸ਼ਨ ਬਣਾਇਆ ਜਾਵੇਗਾ। ਉਨ੍ਹਾਂ ਦੱਸਿਆ ਕਿ ਹਰੇਕ ਬੂਥ ਉੱਪਰ ਦੋ ਵਲੰਟੀਅਰ ਤਾਇਨਾਤ ਕੀਤੇ ਜਾਣਗੇ ਜੋ ਬਜ਼ੁਰਗ ਅਤੇ ਦਿਵ‌ਿਆਂਗ ਵੋਟਰਾਂ ਦੀ ਸਹਾਇਤਾ ਕਰਨ ਦੇ ਨਾਲ ਵੋਟਰਾਂ ਦੀ ਲਾਈਨਾਂ ਨੂੰ ਵੀ ਮੈਨੇਜ ਕਰਨਗੇ।

ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਆਦਰਸ਼ ਚੋਣ ਜ਼ਾਬਤੇ ਦੀ ਇੰਨ-ਬਿੰਨ ਪਾਲਣਾ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਚੋਣ ਦਫ਼ਤਰ ਨੂੰ ਆਫ਼ ਲਾਈਨ 210 ਸ਼ਿਕਾਇਤਾਂ ਮਿਲੀਆਂ ਸਨ ਜਿਨ੍ਹਾਂ ਵਿੱਚੋਂ 205 ਦਾ ਨਿਪਟਾਰਾ ਕਰ ਦਿੱਤਾ ਗਿਆ ਹੈ ਜਦਕਿ 5 ਉੱਪਰ ਕਾਰਵਾਈ ਜਾਰੀ ਹੈ। ਐੱਨ.ਜੀ.ਐੱਸ.ਪੀ. ਉੱਪਰ 159 ਸ਼ਿਕਾਇਤਾਂ ਆਈਆਂ ਸਨ ਜਿਨ੍ਹਾਂ ਦਾ ਨਿਪਟਾਰਾ ਕਰ ਦਿੱਤਾ ਗਿਆ ਹੈ। ਇਸ ਤੋਂ ਇਲਾਵਾ 1950 ਹੈਲਪ ਲਾਈਨ ਉੱਪਰ 38 ਸ਼ਿਕਾਇਤਾਂ ਅਤੇ ਸੀ-ਵਿਜ਼ਲ ਐਪ ‘ਤੇ 39 ਸ਼ਿਕਾਇਤਾਂ ਆਈਆਂ ਸਨ ਅਤੇ ਸਾਰੀਆਂ ਦਾ ਹੀ ਨਿਪਟਾਰਾ ਕਰ ਦਿੱਤਾ ਗਿਆ ਹੈ।

ਉਨ੍ਹਾਂ ਦੱਸਿਆ ਕਿ ਸਮੇਂ-ਸਮੇਂ ਸਮੂਹ ਰਾਜਨੀਤਿਕ ਪਾਰਟੀਆਂ ਅਤੇ ਚੋਣ ਲੜ ਰਹੇ ਉਮੀਦਵਾਰਾਂ ਨੂੰ ਚੋਣ ਕਮਿਸ਼ਨ ਦੀਆਂ ਹਦਾਇਤਾਂ ਤੋਂ ਜਾਣੂ ਕਰਵਾਇਆ ਜਾ ਰਿਹਾ ਹੈ। ਇਸ ਤੋਂ ਇਲਾਵਾ ਮੀਡੀਆ ਦੇ ਰਾਹੀਂ ਆਮ ਜਨਤਾ ਤੱਕ ਵੀ ਚੋਣ ਕਮਿਸ਼ਨ ਦੀ ਜਾਣਕਾਰੀ ਨੂੰ ਪਹੁੰਚਾਇਆ ਜਾ ਰਿਹਾ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਸੰਵੇਦਨਸ਼ੀਲ ਅਤੇ ਅਤਿ ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਪਛਾਣ ਕਰ ਲਈ ਗਈ ਹੈ ਅਤੇ ਓਥੇ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਜਾਣਗੇ ਤਾਂ ਜੋ ਬਿਨਾਂ ਕਿਸੇ ਮੁਸ਼ਕਲ ਦੇ ਓਥੇ ਪੁਰ-ਅਮਨ ਤਰੀਕੇ ਨਾਲ ਵੋਟਾਂ ਪੈ ਸਕਣ। ਉਨ੍ਹਾਂ ਦੱਸਿਆ ਕਿ 4 ਜੂਨ ਨੂੰ ਵੋਟਾਂ ਦੀ ਗਿਣਤੀ ਸੁਖਜਿੰਦਰਾ ਗਰੁੱਪ ਆਫ਼ ਇੰਸਟੀਚਿਊਟ ਵਿਖੇ ਹੋਵੇਗੀ ਅਤੇ 21 ਮਈ ਤੱਕ ਇਸ ਕਾਊਂਟਿੰਗ ਸੈਂਟਰ ਨੂੰ ਪੂਰੀ ਤਰ੍ਹਾਂ ਤਿਆਰ ਕਰ ਲਿਆ ਜਾਵੇਗਾ।

ਇਸ ਦੌਰਾਨ ਐੱਸ.ਐੱਸ.ਪੀ. ਗੁਰਦਾਸਪੁਰ ਹਰੀਸ਼ ਦਾਯਮਾ ਅਤੇ ਐੱਸ.ਐੱਸ.ਪੀ. ਬਟਾਲਾ ਅਸ਼ਵਨੀ ਗੋਟਿਆਲ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਸਬੰਧੀ ਸੁਰੱਖਿਆ ਦੇ ਪੁਖ਼ਤਾ ਇੰਤਜ਼ਾਮ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਲਾਇਸੰਸੀ ਹਥਿਆਰਾਂ ਨੂੰ ਜਮਾਂ ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਸ਼ਰਾਰਤੀ ਤੱਤਾਂ ਉੱਪਰ ਖ਼ਾਸ ਨਜ਼ਰ ਰੱਖੀ ਜਾ ਰਹੀ ਹੈ। ਇਸ ਤੋਂ ਇਲਾਵਾ ਨਸ਼ਿਆਂ ਦੀ ਵਰਤੋਂ ਨੂੰ ਰੋਕਣ ਲਈ ਐਕਸਾਈਜ਼ ਵਿਭਾਗ ਨਾਲ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ ਅਤੇ ਵੱਡੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਪੁਲਿਸ ਜ਼ਿਲ੍ਹਾ ਬਟਾਲਾ ਤੇ ਗੁਰਦਾਸਪੁਰ ਵਿੱਚ ਚੋਣਾਂ ਦੇ ਮੱਦੇਨਜ਼ਰ ਵਿਸ਼ੇਸ਼ ਨਾਕਾਬੰਦੀ ਵੀ ਕੀਤੀ ਗਈ ਹੈ।

ਇਸ ਵੀਡੀਓ ਕਾਨਫਰੰਸ ਦੌਰਾਨ ਐੱਸ.ਐੱਸ.ਪੀ. ਗੁਰਦਾਸਪੁਰ ਹਰੀਸ਼ ਦਾਯਮਾ, ਵਧੀਕ ਡਿਪਟੀ ਕਮਿਸ਼ਨਰ ਸੁਭਾਸ ਚੰਦਰ, ਐੱਸ.ਡੀ.ਐੱਮ.-ਕਮ-ਏ.ਆਰ.ਓ. ਗੁਰਦਾਸਪੁਰ ਡਾ. ਕਰਮਜੀਤ ਸਿੰਘ, ਐੱਸ.ਡੀ.ਐੱਮ.-ਕਮ-ਏ.ਆਰ.ਓ. ਸ਼ਾਇਰੀ ਮਲਹੋਤਰਾ, ਐੱਸ.ਡੀ.ਐੱਮ-ਕਮ-ਏ.ਆਰ.ਓ. ਦੀਨਾਨਗਰ ਗੁਰਦੇਵ ਸਿੰਘ ਧਾਮ, ਸਹਾਇਕ ਕਮਿਸ਼ਨਰ-ਕਮ-ਏ.ਆਰ.ਓ. ਕਾਦੀਆਂ ਅਸ਼ਵਨੀ ਅਰੋੜਾ, ਐੱਸ.ਡੀ.ਐੱਮ. ਕਲਾਨੌਰ-ਕਮ-ਏ.ਆਰ.ਓ. ਹਰਗੋਬਿੰਦਪੁਰ ਸਾਹਿਬ, ਜਿਓਤਸਨਾ ਸਿੰਘ, ਐੱਸ.ਡੀ.ਐੱਮ.-ਕਮ-ਏ.ਆਰ.ਓ. ਫ਼ਤਹਿਗੜ੍ਹ ਚੂੜੀਆਂ ਸੁਖਰਾਜ ਸਿੰਘ ਢਿਲੋਂ, ਐੱਸ.ਡੀ.ਐੱਮ.-ਕਮ-ਏ.ਆਰ.ਓ. ਡੇਰਾ ਬਾਬਾ ਨਾਨਕ ਹਰਦੀਪ ਸਿੰਘ, ਚੋਣ ਤਹਿਸੀਲਦਾਰ ਮਨਜਿੰਦਰ ਸਿੰਘ ਬਾਜਵਾ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article