ਆਸਾ ਮਹਲਾ ੪ ਛੰਤ ॥
ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥ ਤਾ ਕੀ ਗਤਿ ਕਹੀ ਨ ਜਾਈ ਅਮਿਤਿ ਵਡਿਆਈ ਮੇਰਾ ਗੋਵਿੰਦੁ ਅਲਖ ਅਪਾਰ ਜੀਉ ॥ ਗੋਵਿੰਦੁ ਅਲਖ ਅਪਾਰੁ ਅਪਰੰਪਰੁ ਆਪੁ ਆਪਣਾ ਜਾਣੈ ॥ ਕਿਆ ਇਹ ਜੰਤ ਵਿਚਾਰੇ ਕਹੀਅਹਿ ਜੋ ਤੁਧੁ ਆਖਿ ਵਖਾਣੈ ॥ ਜਿਸ ਨੋ ਨਦਰਿ ਕਰਹਿ ਤੂੰ ਅਪਣੀ ਸੋ ਗੁਰਮੁਖਿ ਕਰੇ ਵੀਚਾਰੁ ਜੀਉ ॥ ਵਡਾ ਮੇਰਾ ਗੋਵਿੰਦੁ ਅਗਮ ਅਗੋਚਰੁ ਆਦਿ ਨਿਰੰਜਨੁ ਨਿਰੰਕਾਰੁ ਜੀਉ ॥੧॥ ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥ ਤੂੰ ਘਟ ਘਟ ਅੰਤਰਿ ਸਰਬ ਨਿਰੰਤਰਿ ਸਭ ਮਹਿ ਰਹਿਆ ਸਮਾਇ ਜੀਉ ॥ ਘਟ ਅੰਤਰਿ ਪਾਰਬ੍ਰਹਮੁ ਪਰਮੇਸਰੁ ਤਾ ਕਾ ਅੰਤੁ ਨ ਪਾਇਆ ॥ ਤਿਸੁ ਰੂਪੁ ਨ ਰੇਖ ਅਦਿਸਟੁ ਅਗੋਚਰੁ ਗੁਰਮੁਖਿ ਅਲਖੁ ਲਖਾਇਆ ॥ ਸਦਾ ਅਨੰਦਿ ਰਹੈ ਦਿਨੁ ਰਾਤੀ ਸਹਜੇ ਨਾਮਿ ਸਮਾਇ ਜੀਉ ॥ ਤੂੰ ਆਦਿ ਪੁਰਖੁ ਅਪਰੰਪਰੁ ਕਰਤਾ ਤੇਰਾ ਪਾਰੁ ਨ ਪਾਇਆ ਜਾਇ ਜੀਉ ॥੨॥ ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ ਹਰਿ ਹਰਿ ਗੁਣੀ ਨਿਧਾਨੁ ਜੀਉ ॥ ਹਰਿ ਹਰਿ ਪ੍ਰਭੁ ਏਕੋ ਅਵਰੁ ਨ ਕੋਈ ਤੂੰ ਆਪੇ ਪੁਰਖੁ ਸੁਜਾਨੁ ਜੀਉ ॥ ਪੁਰਖੁ ਸੁਜਾਨੁ ਤੂੰ ਪਰਧਾਨੁ ਤੁਧੁ ਜੇਵਡੁ ਅਵਰੁ ਨ ਕੋਈ ॥ ਤੇਰਾ ਸਬਦੁ ਸਭੁ ਤੂੰਹੈ ਵਰਤਹਿ ਤੂੰ ਆਪੇ ਕਰਹਿ ਸੁ ਹੋਈ ॥ ਹਰਿ ਸਭ ਮਹਿ ਰਵਿਆ ਏਕੋ ਸੋਈ ਗੁਰਮੁਖਿ ਲਖਿਆ ਹਰਿ ਨਾਮੁ ਜੀਉ ॥ ਤੂੰ ਸਤਿ ਪਰਮੇਸਰੁ ਸਦਾ ਅਬਿਨਾਸੀ ਹਰਿ ਹਰਿ ਗੁਣੀ ਨਿਧਾਨੁ ਜੀਉ ॥੩॥ ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥ ਤੁਧੁ ਆਪੇ ਭਾਵੈ ਤਿਵੈ ਚਲਾਵਹਿ ਸਭ ਤੇਰੈ ਸਬਦਿ ਸਮਾਇ ਜੀਉ ॥ ਸਭ ਸਬਦਿ ਸਮਾਵੈ ਜਾਂ ਤੁਧੁ ਭਾਵੈ ਤੇਰੈ ਸਬਦਿ ਵਡਿਆਈ ॥ ਗੁਰਮੁਖਿ ਬੁਧਿ ਪਾਈਐ ਆਪੁ ਗਵਾਈਐ ਸਬਦੇ ਰਹਿਆ ਸਮਾਈ ॥ ਤੇਰਾ ਸਬਦੁ ਅਗੋਚਰੁ ਗੁਰਮੁਖਿ ਪਾਈਐ ਨਾਨਕ ਨਾਮਿ ਸਮਾਇ ਜੀਉ ॥ ਸਭੁ ਤੂੰਹੈ ਕਰਤਾ ਸਭ ਤੇਰੀ ਵਡਿਆਈ ਜਿਉ ਭਾਵੈ ਤਿਵੈ ਚਲਾਇ ਜੀਉ ॥੪॥੭॥੧੪॥
ਸੋਮਵਾਰ, ੧੦ ਵੈਸਾਖ (ਸੰਮਤ ੫੫੬ ਨਾਨਕਸ਼ਾਹੀ) ੨੨ ਅਪ੍ਰੈਲ, ੨੦੨੪ (ਅੰਗ: ੪੪੮)
ਪੰਜਾਬੀ ਵਿਆਖਿਆ :
ਆਸਾ ਮਹਲਾ ੪ ਛੰਤ ॥
(ਹੇ ਭਾਈ!) ਮੇਰਾ ਗੋਵਿੰਦ (ਸਭ ਤੋਂ) ਵੱਡਾ ਹੈ (ਕਿਸੇ ਸਿਆਣਪ ਨਾਲ ਉਸ ਤਕ ਮਨੁੱਖ ਦੀ) ਪਹੁੰਚ ਨਹੀਂ ਹੋ ਸਕਦੀ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਾਰੇ ਜਗਤ ਦਾ) ਮੂਲ ਹੈ, ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ, ਉਸ ਦੀ ਕੋਈ ਖ਼ਾਸ ਸ਼ਕਲ ਨਹੀਂ ਦੱਸੀ ਜਾ ਸਕਦੀ । (ਹੇ ਭਾਈ!) ਇਹ ਨਹੀਂ ਦੱਸਿਆ ਜਾ ਸਕਦਾ ਕਿ ਪਰਮਾਤਮਾ ਕਿਹੋ ਜਿਹਾ ਹੈ, ਉਸ ਦਾ ਵਡੱਪਣ ਭੀ ਮਿਣਿਆ ਨਹੀਂ ਜਾ ਸਕਦਾ (ਹੇ ਭਾਈ!) ਮੇਰਾ ਉਹ ਗੋਵਿੰਦ ਬਿਆਨ ਤੋਂ ਬਾਹਰ ਹੈ ਬੇਅੰਤ ਹੈ । ਪਰੇ ਤੋਂ ਪਰੇ ਹੈ, ਆਪਣੇ ਆਪ ਨੂੰ ਉਹ ਹੀ ਜਾਣਦਾ ਹੈ । ਇਹਨਾਂ ਜੀਵਾਂ ਵਿਚਾਰਿਆਂ ਦੀ ਕੀਹ ਪਾਂਇਆਂ ਹੈ (ਕਿ ਉਸ ਦਾ ਸਰੂਪ ਦੱਸ ਸੱਕਣ)? (ਹੇ ਪ੍ਰਭੂ! ਕੋਈ ਭੀ ਐਸਾ ਜੀਵ ਨਹੀਂ ਹੈ) ਜੋ ਤੇਰੀ ਹਸਤੀ ਨੂੰ ਬਿਆਨ ਕਰ ਕੇ ਸਮਝਾ ਸਕੇ । ਹੇ ਪ੍ਰਭੂ! ਜਿਸ ਮਨੁੱਖ ਉਤੇ ਤੂੰ ਆਪਣੀ ਮੇਹਰ ਦੀ ਨਿਗਾਹ ਕਰਦਾ ਹੈਂ, ਉਹ ਗੁਰੂ ਦੀ ਸਰਨ ਪੈ ਕੇ (ਤੇਰੇ ਗੁਣਾਂ ਦੀ) ਵਿਚਾਰ ਕਰਦਾ ਹੈ । (ਹੇ ਭਾਈ!) ਮੇਰਾ ਗੋਵਿੰਦ (ਸਭ ਤੋਂ) ਵੱਡਾ ਹੈ, (ਕਿਸੇ ਸਿਆਣਪ ਨਾਲ ਉਸ ਤਕ ਮਨੁੱਖ ਦੀ) ਪਹੁੰਚ ਨਹੀਂ ਹੋ ਸਕਦੀ, ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, (ਸਾਰੇ ਜਗਤ ਦਾ) ਮੂਲ ਹੈ ਉਸ ਨੂੰ ਮਾਇਆ ਦੀ ਕਾਲਖ ਨਹੀਂ ਲੱਗ ਸਕਦੀ ਉਸ ਦੀ ਕੋਈ ਖ਼ਾਸ ਸ਼ਕਲ ਨਹੀਂ ਦੱਸੀ ਜਾ ਸਕਦੀ ।੧। ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਮੂਲ ਹੈਂ ਤੇ ਸਰਬ-ਵਿਆਪਕ ਹੈਂ, ਤੂੰ ਪਰੇ ਤੋਂ ਪਰੇ ਹੈਂ ਤੇ ਸਾਰੀ ਰਚਨਾ ਦਾ ਰਚਨਹਾਰ ਹੈਂ । ਤੇਰੀ ਹਸਤੀ ਦਾ ਪਾਰਲਾ ਬੰਨਾ (ਕਿਸੇ ਨੂੰ) ਲੱਭ ਨਹੀਂ ਸਕਦਾ । ਤੂੰ ਹਰੇਕ ਸਰੀਰ ਵਿਚ ਮੌਜੂਦ ਹੈਂ, ਤੂੰ ਇਕ-ਰਸ ਸਭਨਾਂ ਵਿਚ ਸਮਾ ਰਿਹਾ ਹੈਂ । ਹੇ ਭਾਈ! ਪਾਰਬ੍ਰਹਮ ਪਰਮੇਸਰ ਹਰੇਕ ਸਰੀਰ ਦੇ ਅੰਦਰ ਮੌਜੂਦ ਹੈ ਉਸ ਦੇ ਗੁਣਾਂ ਦਾ ਅੰਤ (ਕੋਈ ਜੀਵ) ਨਹੀਂ ਪਾ ਸਕਦਾ । ਉਸ ਪ੍ਰਭੂ ਦਾ ਕੋਈ ਖ਼ਾਸ ਰੂਪ ਕੋਈ ਖ਼ਾਸ ਚਿਹਨ ਚੱਕਰ ਦੱਸਿਆ ਨਹੀਂ ਜਾ ਸਕਦਾ । ਉਹ ਪ੍ਰਭੂ (ਇਹਨਾਂ ਅੱਖਾਂ ਨਾਲ) ਦਿੱਸਦਾ ਨਹੀਂ ਉਹ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ, ਗੁਰੂ ਦੀ ਰਾਹੀਂ ਹੀ ਇਹ ਸਮਝ ਪੈਂਦੀ ਹੈ ਕਿ ਉਸ ਪਰਮਾਤਮਾ ਦਾ ਸਰੂਪ ਬਿਆਨ ਨਹੀਂ ਕੀਤਾ ਜਾ ਸਕਦਾ । (ਜੇਹੜਾ ਮਨੁੱਖ ਗੁਰੂ ਦੀ ਸਰਨ ਪੈਂਦਾ ਹੈ ਉਹ) ਦਿਨ ਰਾਤ ਹਰ ਵੇਲੇ ਆਤਮਕ ਆਨੰਦ ਵਿਚ ਮਗਨ ਰਹਿੰਦਾ ਹੈ, ਪਰਮਾਤਮਾ ਦੇ ਨਾਮ ਵਿਚ ਲੀਨ ਰਹਿੰਦਾ ਹੈ । ਹੇ ਪ੍ਰਭੂ! ਤੂੰ ਸਾਰੇ ਜਗਤ ਦਾ ਮੂਲ ਹੈਂ ਤੇ ਸਰਬ-ਵਿਆਪਕ ਹੈਂ, ਤੂੰ ਪਰੇ ਤੋਂ ਪਰੇ ਹੈਂ ਤੇ ਸਾਰੀ ਰਚਨਾ ਦਾ ਰਚਨਹਾਰ ਹੈਂ । ਤੇਰੀ ਹਸਤੀ ਦਾ ਪਾਰਲਾ ਬੰਨਾ (ਕਿਸੇ ਨੂੰ) ਲੱਭ ਨਹੀਂ ਸਕਦਾ ।੨। ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ ਤੂੰ ਸਭ ਤੋਂ ਵੱਡਾ ਹੈਂ, ਤੂੰ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ । ਹੇ ਹਰੀ! ਤੂੰ ਹੀ ਇਕੋ ਇਕ ਮਾਲਕ ਹੈਂ, ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਤੂੰ ਆਪ ਹੀ ਸਭ ਦੇ ਅੰਦਰ ਮੌਜੂਦ ਹੈਂ, ਤੂੰ ਆਪ ਹੀ ਸਭ ਦੇ ਦਿਲ ਦੀ ਜਾਣਨ ਵਾਲਾ ਹੈਂ । ਹੇ ਹਰੀ! ਤੂੰ ਸਭ ਵਿਚ ਵਿਆਪਕ ਹੈਂ, ਤੂੰ ਘਟ ਘਟ ਦੀ ਜਾਣਨ ਵਾਲਾ ਹੈਂ, ਤੂੰ ਸਭ ਤੋਂ ਸ਼ਿਰੋਮਣੀ ਹੈਂ, ਤੇਰੇ ਜੇਡਾ ਹੋਰ ਕੋਈ ਨਹੀਂ ਹੈ । ਹਰ ਥਾਂ ਤੇਰਾ ਹੀ ਹੁਕਮ ਚੱਲ ਰਿਹਾ ਹੈ, ਹਰ ਥਾਂ ਤੂੰ ਹੀ ਤੂੰ ਮੌਜੂਦ ਹੈਂ, ਜਗਤ ਵਿਚ ਉਹੀ ਹੁੰਦਾ ਹੈ ਜੋ ਤੂੰ ਆਪ ਹੀ ਕਰਦਾ ਹੈਂ । ਹੇ ਭਾਈ! ਸਾਰੀ ਸ੍ਰਿਸ਼ਟੀ ਵਿਚ ਇਕ ਉਹ ਪਰਮਾਤਮਾ ਹੀ ਰਮ ਰਿਹਾ ਹੈ, ਗੁਰੂ ਦੀ ਸਰਨ ਪਿਆਂ ਉਸ ਪਰਮਾਤਮਾ ਦੇ ਨਾਮ ਦੀ ਸੂਝ ਪੈਂਦੀ ਹੈ । ਹੇ ਪ੍ਰਭੂ! ਤੂੰ ਸਦਾ ਕਾਇਮ ਰਹਿਣ ਵਾਲਾ ਹੈਂ, ਤੂੰ ਸਭ ਤੋਂ ਵੱਡਾ ਹਾਕਮ ਹੈਂ, ਤੂੰ ਕਦੇ ਭੀ ਨਾਸ ਹੋਣ ਵਾਲਾ ਨਹੀਂ ਹੈਂ, ਤੂੰ ਸਾਰੇ ਗੁਣਾਂ ਦਾ ਖ਼ਜ਼ਾਨਾ ਹੈਂ ।੩। ਹੇ ਕਰਤਾਰ! ਹਰ ਥਾਂ ਤੂੰ ਹੀ ਤੂੰ ਹੈਂ, ਸਾਰੀ ਸ੍ਰਿਸ਼ਟੀ ਤੇਰੇ ਹੀ ਤੇਜ-ਪ੍ਰਤਾਪ ਦਾ ਪ੍ਰਕਾਸ਼ ਹੈ । ਹੇ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗੇ, ਤਿਵੇਂ, (ਆਪਣੀ ਇਸ ਰਚਨਾ ਨੂੰ ਆਪਣੇ ਹੁਕਮ ਵਿਚ) ਤੋਰ । ਹੇ ਕਰਤਾਰ! ਜਿਵੇਂ ਤੈਨੂੰ ਆਪ ਨੂੰ ਚੰਗਾ ਲੱਗਦਾ ਹੈ ਤਿਵੇਂ ਤੂੰ ਸ੍ਰਿਸ਼ਟੀ ਨੂੰ ਕਾਰੇ ਲਾ ਰਿਹਾ ਹੈਂ, ਸਾਰੀ ਲੁਕਾਈ ਤੇਰੇ ਹੀ ਹੁਕਮ ਦੇ ਅਨੁਸਾਰ ਹੋ ਕੇ ਤੁਰਦੀ ਹੈ । ਸਾਰੀ ਲੁਕਾਈ ਤੇਰੇ ਹੁਕਮ ਵਿਚ ਹੀ ਟਿਕੀ ਰਹਿੰਦੀ ਹੈ, ਜਦੋਂ ਤੈਨੂੰ ਚੰਗਾ ਲੱਗਦਾ ਹੈ, ਤਾਂ ਤੇਰੇ ਹੁਕਮ ਅਨੁਸਾਰ ਹੀ (ਜੀਵਾਂ ਨੂੰ) ਆਦਰ-ਮਾਣ ਮਿਲਦਾ ਹੈ । ਹੇ ਭਾਈ! ਜੇ ਗੁਰੂ ਦੀ ਸਰਨ ਪੈ ਕੇ ਚੰਗੀ ਅਕਲ ਹਾਸਲ ਕਰ ਲਈਏ, ਜੇ (ਆਪਣੇ ਅੰਦਰੋਂ) ਹਉਮੈ-ਅਹੰਕਾਰ ਦੂਰ ਕਰ ਲਈਏ, ਤਾਂ ਗੁਰ-ਸ਼ਬਦ ਦੀ ਬਰਕਤਿ ਨਾਲ ਉਹ ਕਰਤਾਰ ਹਰ ਥਾਂ ਵਿਆਪਕ ਦਿੱਸਦਾ ਹੈ । ਹੇ ਨਾਨਕ! (ਆਖ—ਹੇ ਕਰਤਾਰ!) ਤੇਰਾ ਹੁਕਮ ਜੀਵਾਂ ਦੇ ਗਿਆਨ-ਇੰਦ੍ਰਿਆਂ ਦੀ ਪਹੁੰਚ ਤੋਂ ਪਰੇ ਹੈ (ਤੇਰੇ ਹੁਕਮ ਦੀ ਸਮਝ) ਗੁਰੂ ਦੀ ਸਰਨ ਪਿਆਂ ਪ੍ਰਾਪਤ ਹੁੰਦੀਾ ਹੈ, (ਜਿਸ ਮਨੁੱਖ ਨੂੰ ਪ੍ਰਾਪਤ ਹੁੰਦੀ ਹੈ ਉਹ ਤੇਰੇ) ਨਾਮ ਵਿਚ ਲੀਨ ਹੋ ਜਾਂਦਾ ਹੈ । ਹੇ ਕਰਤਾਰ! ਹਰ ਥਾਂ ਤੂੰ ਹੀ ਤੂੰ ਹੈਂ, ਸਾਰੀ ਸ੍ਰਿਸ਼ਟੀ ਤੇਰੇ ਹੀ ਤੇਜ-ਪ੍ਰਤਾਪ ਦਾ ਪ੍ਰਕਾਸ਼ ਹੈ । ਹੇ ਕਰਤਾਰ! ਜਿਵੇਂ ਤੈਨੂੰ ਚੰਗਾ ਲੱਗੇ ਤਿਵੇਂ (ਆਪਣੀ ਇਸ ਸ੍ਰਿਸ਼ਟੀ ਨੂੰ ਆਪਣੇ ਹੁਕਮ ਵਿਚ) ਤੋਰ ।੪।੭।੧੪।