ਪੰਜਾਬ ਦੇ ਲੁਧਿਆਣਾ ਵਿੱਚ ਜੀਆਰਪੀ ਪੁਲਿਸ ਨੇ ਇੱਕ ਤਸਕਰ ਨੂੰ 15 ਕਿਲੋ ਅਫੀਮ ਸਮੇਤ ਕਾਬੂ ਕੀਤਾ ਹੈ। ਤਸਕਰ ਨਕਸਲੀ ਖੇਤਰ ਝਾਰਖੰਡ ਤੋਂ ਅਫੀਮ ਲਿਆ ਕੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਨੂੰ ਸਪਲਾਈ ਕਰਦੇ ਸਨ। ਮੁਲਜ਼ਮਾਂ ਨੇ ਫਗਵਾੜਾ ਵਿੱਚ ਅਫੀਮ ਸਪਲਾਈ ਕਰਨੀ ਸੀ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰਕੇ 3 ਦਿਨਾਂ ਦਾ ਪੁਲੀਸ ਰਿਮਾਂਡ ਹਾਸਲ ਕੀਤਾ ਗਿਆ ਹੈ।
ਜਾਣਕਾਰੀ ਦਿੰਦਿਆਂ ਏਆਈਜੀ ਰੇਲਵੇ ਅਮਨਪ੍ਰੀਤ ਸਿੰਘ ਘੁੰਮਣ ਅਤੇ ਐਸਪੀ ਬਲਰਾਮ ਰਾਣਾ ਨੇ ਦੱਸਿਆ ਕਿ ਮੁਲਜ਼ਮ ਪਹਿਲਾਂ ਵੀ 7 ਤੋਂ 8 ਵਾਰ ਵੱਖ-ਵੱਖ ਸ਼ਹਿਰਾਂ ਵਿੱਚ ਅਫੀਮ ਸਪਲਾਈ ਕਰ ਚੁੱਕੇ ਹਨ। ਇਸ ਵਾਰ ਤਸਕਰ ਨੇ ਫਗਵਾੜਾ ‘ਚ ਅਫੀਮ ਸਪਲਾਈ ਕਰਨੀ ਸੀ। ਮੁਲਜ਼ਮ ਦੀ ਪਛਾਣ ਸਤਿਆਦੇਵ ਟੀਰੂ ਵਾਸੀ ਪਿੰਡ ਆਂਥੇ, ਜ਼ਿਲ੍ਹਾ ਖੁੰਠੀ, ਝਾਰਖੰਡ ਵਜੋਂ ਹੋਈ ਹੈ।
ਜੀਆਰਪੀ ਸੀਆਈਏ ਰੇਲਵੇ ਇੰਚਾਰਜ ਪਲਵਿੰਦਰ ਸਿੰਘ ਨੇ ਦੱਸਿਆ ਕਿ ਗੁਪਤ ਸੂਚਨਾ ਮਿਲੀ ਸੀ ਕਿ ਪਲੇਟਫਾਰਮ ਨੰਬਰ 2 ਅਤੇ 3 ‘ਤੇ ਇੱਕ ਨਸ਼ਾ ਤਸਕਰ ਅਫੀਮ ਸਮੇਤ ਰੇਲਗੱਡੀ ਤੋਂ ਉਤਰਿਆ ਹੈ। ਜਦੋਂ ਮੁਲਜ਼ਮ ਨੂੰ ਚੈਕਿੰਗ ਲਈ ਰੋਕਿਆ ਗਿਆ ਤਾਂ ਉਸ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਜਾਲ ਲੱਗਣ ਕਾਰਨ ਤਸਕਰ ਫੜਿਆ ਗਿਆ। ਮੁਲਜ਼ਮ ਕੋਲ ਕਾਲੇ ਰੰਗ ਦਾ ਬੈਗ ਸੀ, ਜਿਸ ਦੀ ਤਲਾਸ਼ੀ ਲਈ ਗਈ ਤਾਂ ਬੈਗ ਵਿੱਚੋਂ ਅਫੀਮ ਬਰਾਮਦ ਹੋਈ।
ਪੁਲੀਸ ਪੁੱਛਗਿੱਛ ਦੌਰਾਨ ਮੁਲਜ਼ਮ ਨੇ ਮੰਨਿਆ ਕਿ ਉਹ ਪਹਿਲਾਂ ਵੀ ਕਈ ਵਾਰ ਅਫ਼ੀਮ ਦੀ ਤਸਕਰੀ ਕਰ ਚੁੱਕਾ ਹੈ। ਦੋਸ਼ੀ 1 ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਅਫੀਮ ਲਿਆਉਂਦੇ ਸਨ ਅਤੇ ਅੱਗੇ ਡੇਢ ਲੱਖ ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਵੇਚਦੇ ਸਨ। ਫਿਲਹਾਲ ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਲ ਕੀਤਾ ਜਾਵੇਗਾ।