ਚੰਡੀਗੜ੍ਹ : ਪੰਜਾਬ ਪੈਵੇਲੀਅਨ’ ਨੇ ਸੋਮਵਾਰ ਸ਼ਾਮ ਨੂੰ ਸਮਾਪਤ ਹੋਏ 42ਵੇਂ ਭਾਰਤ ਅੰਤਰਰਾਸ਼ਟਰੀ ਵਪਾਰ ਮੇਲੇ 2023 ਵਿਖੇ ਸਵੱਛ ਪਵੇਲੀਅਨ ਵਿੱਚ ਸ਼ਾਨਦਾਰ ਪ੍ਰਦਰਸ਼ਨ ਲਈ ਗੋਲਡ ਮੈਡਲ ਜਿੱਤਿਆ ਹੈ। ਇੰਡੀਆ ਇੰਟਰਨੈਸ਼ਨਲ ਟਰੇਡ ਫੇਅਰ (ਆਈ.ਆਈ.ਟੀ.ਐਫ.) ਨਵੀਂ ਦਿੱਲੀ ਦਾ 42ਵਾਂ ਐਡੀਸ਼ਨ 14 ਤੋਂ 27 ਨਵੰਬਰ, 2023 ਤੱਕ ਆਯੋਜਿਤ ਕੀਤਾ ਗਿਆ ਸੀ ਜਿਸ ਦੀ ਥੀਮ “ਵਸੁਦੇਵ ਕੁਟੁੰਬਕਮ – ਵਪਾਰ ਦੁਆਰਾ ਸੰਯੁਕਤ” ਸੀ।
ਪੰਜਾਬ ਪਵੇਲੀਅਨ ਦੇ ਪ੍ਰਸ਼ਾਸਕ ਦਵਿੰਦਰਪਾਲ ਸਿੰਘ ਅਤੇ ਉਪ ਪ੍ਰਸ਼ਾਸਕ ਗੁਰਪ੍ਰੀਤ ਸਿੰਘ ਅਤੇ ਹੋਰ ਅਧਿਕਾਰੀਆਂ ਨੇ ਪ੍ਰਦੀਪ ਸਿੰਘ ਖਰੋਲਾ, ਚੇਅਰਮੈਨ ’ਤੇ ਪ੍ਰਬੰਧਕ ਨਿਰਦੇਸ਼ਕ ਆਈ.ਟੀ.ਪੀ.ਓ ਅਤੇ ਰਜਤ ਅਗਰਵਾਲ, ਕਾਰਜਕਾਰੀ ਨਿਰਦੇਸ਼ਕ ਆਈ.ਟੀ.ਪੀ.ਓ. ਤੋਂ ਅਵਾਰਡ ਪ੍ਰਾਪਤ ਕੀਤਾ। ਪੰਜਾਬ ਪੈਵੇਲੀਅਨ ਦੇ ਪ੍ਰਸ਼ਾਸਕ ਦਵਿੰਦਰਪਾਲ ਸਿੰਘ ਨੇ ਕਿਹਾ ਹੈ ਕਿ ਅੰਤਰਰਾਸ਼ਟਰੀ ਪੱਧਰ ’ਤੇ ਮਾਨਤਾ ਪ੍ਰਾਪਤ ਅਜਿਹੇ ਸਮਾਗਮ ’ਚ ਇਹ ਸੋਨ ਤਗਮਾ ਜਿੱਤਣਾ ਸੂਬੇ ਲਈ ਮਾਣ ਵਾਲੀ ਗੱਲ ਹੈ
ਪੰਜਾਬ ਪੈਵੇਲੀਅਨ ਜਿੱਥੇ ਮਾਰਕਫੈੱਡ, ਵੇਰਕਾ, ਪੀ.ਐਸ.ਆਈ.ਈ.ਸੀ., ਇਨਵੈਸਟ ਪੰਜਾਬ, ਐਨ.ਆਈ.ਐਫ.ਟੀ., ਪੰਜਾਬ ਟੂਰਿਜ਼ਮ, ਗਡਵਾਸੂ, ਪੁੱਡਾ, ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਵਿਗਿਆਨ, ਤਕਨਾਲੋਜੀ ਅਤੇ ਵਾਤਾਵਰਣ ਵਿਭਾਗ ਅਤੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਸਮੇਤ ਵੱਖ-ਵੱਖ ਵਿਭਾਗਾਂ ਅਤੇ ਸੰਸਥਾਵਾਂ ਦੇ ਸਟਾਲ ਰਾਜ ਦੇ ਸੱਭਿਆਚਾਰ, ਵਿਰਾਸਤ ਅਤੇ ਦਸਤਕਾਰੀ, ਉਦਯੋਗਿਕ ਵਿਕਾਸ ਅਤੇ ਖੇਤੀ ਕਾਢਾਂ ਨੂੰ ਦਰਸਾਉਣ ਲਈ ਲਗਾਏ ਗਏ ਸਨ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ।
ਉਪ ਪ੍ਰਸ਼ਾਸਕ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇਸ ਪਵੇਲੀਅਨ ਦਾ ਆਯੋਜਨ ਦਲਵੀਰ ਸਿੰਘ ਚੇਅਰਮੈਨ ਪੀ.ਐਸ.ਆਈ.ਈ.ਸੀ., ਤੇਜਵੀਰ ਸਿੰਘ ਪ੍ਰਮੁੱਖ ਸਕੱਤਰ (ਉਦਯੋਗ ਅਤੇ ਵਣਜ), ਡੀ.ਪੀ.ਐਸ.ਖਰਬੰਦਾ ਸੀ.ਈ.ਓ ਇਨਵੈਸਟ ਪੰਜਾਬ ਅਤੇ ਡਾਇਰੈਕਟਰ ਇੰਡਸਟਰੀਜ਼, ਬਲਦੀਪ ਕੌਰ ਮੈਨੇਜਿੰਗ ਡਾਇਰੈਕਟਰ ਪੀ.ਐਸ.ਆਈ.ਈ.ਸੀ ਅਤੇ ਰੁਬਿੰਦਰਜੀਤ ਸਿੰਘ ਬਰਾੜ ਐਡੀਸ਼ਨਲ ਮੈਨੇਜਿੰਗ ਡਾਇਰੈਕਟਰ ਪੀ.ਐਸ.ਆਈ.ਈ.ਸੀ. ਦੀ ਅਗਵਾਈ ਹੇਠ ਕੀਤਾ ਗਿਆ। ਉਨ੍ਹਾਂ ਕਿਹਾ ਕਿ ਸਟਾਲਾਂ ’ਤੇ ਤਾਇਨਾਤ ਅਧਿਕਾਰੀਆਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਦੀਆਂ ਵੱਖ-ਵੱਖ ਪ੍ਰਗਤੀਸ਼ੀਲ ਅਤੇ ਲੋਕ ’ਤੇ ਉਦਯੋਗ ਪੱਖੀ, ਪਹਿਲਕਦਮੀਆਂ ਬਾਰੇ ਦਰਸ਼ਕਾਂ ਨੂੰ ਜਾਣੂ ਕਰਵਾਇਆ।