Wednesday, November 27, 2024
spot_img

ਸ੍ਰੀ ਦਰਬਾਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ

Must read

ਰਾਮਕਲੀ ਮਹਲਾ ੫ ॥

ਦੀਨੋ ਨਾਮੁ ਕੀਓ ਪਵਿਤੁ ॥ਹਰਿ ਧਨੁ ਰਾਸਿ ਨਿਰਾਸ ਇਹ ਬਿਤੁ ॥ਕਾਟੀ ਬੰਧਿ ਹਰਿ ਸੇਵਾ ਲਾਏ ॥ਹਰਿ ਹਰਿ ਭਗਤਿ ਰਾਮ ਗੁਣ ਗਾਏ ॥੧॥ਬਾਜੇ ਅਨਹਦ ਬਾਜਾ ॥ਰਸਕਿ ਰਸਕਿ ਗੁਣ ਗਾਵਹਿ ਹਰਿ ਜਨ ਅਪਨੈ ਗੁਰਦੇਵਿ ਨਿਵਾਜਾ ॥੧॥ ਰਹਾਉ ॥ਆਇ ਬਨਿਓ ਪੂਰਬਲਾ ਭਾਗੁ ॥ਜਨਮ ਜਨਮ ਕਾ ਸੋਇਆ ਜਾਗੁ ॥ਗਈ ਗਿਲਾਨਿ ਸਾਧ ਕੈ ਸੰਗਿ ॥ਮਨੁ ਤਨੁ ਰਾਤੋ ਹਰਿ ਕੈ ਰੰਗਿ ॥੨॥ਰਾਖੇ ਰਾਖਨਹਾਰ ਦਇਆਲ ॥ਨਾ ਕਿਛੁ ਸੇਵਾ ਨਾ ਕਿਛੁ ਘਾਲ ॥ਕਰਿ ਕਿਰਪਾ ਪ੍ਰਭਿ ਕੀਨੀ ਦਇਆ ॥ਬੂਡਤ ਦੁਖ ਮਹਿ ਕਾਢਿ ਲਇਆ ॥੩॥ਸੁਣਿ ਸੁਣਿ ਉਪਜਿਓ ਮਨ ਮਹਿ ਚਾਉ ॥ਆਠ ਪਹਰ ਹਰਿ ਕੇ ਗੁਣ ਗਾਉ ॥ਗਾਵਤ ਗਾਵਤ ਪਰਮ ਗਤਿ ਪਾਈ ॥ਗੁਰ ਪ੍ਰਸਾਦਿ ਨਾਨਕ ਲਿਵ ਲਾਈ ॥੪॥੨੦॥੩੧॥

(ਹੇ ਭਾਈ! ਜਿਸ ਮਨੁੱਖ ਨੂੰ ਗੁਰੂ ਨੇ ਪਰਮਾਤਮਾ ਦਾ) ਨਾਮ ਦੇ ਦਿੱਤਾ, (ਉਸ ਦਾ ਜੀਵਨ) ਪਵਿੱਤਰ ਬਣਾ ਦਿੱਤਾ। (ਜਿਸ ਨੂੰ ਗੁਰੂ ਨੇ) ਹਰਿ-ਨਾਮ ਧਨ ਸਰਮਾਇਆ (ਬਖ਼ਸ਼ਿਆ, ਦੁਨੀਆ ਵਾਲਾ) ਇਹ ਧਨ (ਵੇਖ ਕੇ), ਉਹ (ਇਸ ਵਲੋਂ) ਉਪਰਾਮ-ਚਿੱਤ ਹੀ ਰਹਿੰਦਾ ਹੈ। (ਗੁਰੂ ਨੇ ਜਿਸ ਮਨੁੱਖ ਦੇ ਜੀਵਨ-ਰਾਹ ਵਿਚੋਂ ਮਾਇਆ ਦੇ ਮੋਹ ਦੀ) ਰੁਕਾਵਟ ਕੱਟ ਦਿੱਤੀ, ਉਸ ਨੂੰ ਪਰਮਾਤਮਾ ਦੀ ਭਗਤੀ ਵਿਚ ਜੋੜ ਦਿੱਤਾ, ਉਹ ਮਨੁੱਖ (ਸਦਾ) ਪਰਮਾਤਮਾ ਦੀ ਭਗਤੀ ਕਰਦਾ ਹੈ, (ਸਦਾ) ਪਰਮਾਤਮਾ ਦੇ ਗੁਣ ਗਾਂਦਾ ਰਹਿੰਦਾ ਹੈ ॥੧॥ (ਹੇ ਭਾਈ! ਉਹਨਾਂ ਦੇ ਅੰਦਰ (ਇਉਂ ਖਿੜਾਉ ਬਣਿਆ ਰਹਿੰਦਾ ਹੈ, ਮਾਨੋ, ਉਹਨਾਂ ਦੇ ਅੰਦਰ) ਇੱਕ-ਰਸ ਵਾਜੇ ਵੱਜ ਰਹੇ ਹਨ। (ਜਿਨ੍ਹਾਂ ਮਨੁੱਖਾਂ ਉਤੇ) ਆਪਣੇ (ਪਿਆਰੇ) ਗੁਰਦੇਵ ਨੇ ਮਿਹਰ ਕੀਤੀ, ਹਰੀ ਦੇ ਉਹ ਸੇਵਕ ਬੜੇ ਆਨੰਦ ਨਾਲ ਹਰੀ ਦੇ ਗੁਣ ਗਾਂਦੇ ਰਹਿੰਦੇ ਹਨ ॥੧॥ ਰਹਾਉ ॥ (ਹੇ ਭਾਈ! ਗੁਰੂ ਦੀ ਸੰਗਤਿ ਦੀ ਬਰਕਤਿ ਨਾਲ) ਉਸ ਦਾ ਪਹਿਲੇ ਜਨਮਾਂ ਦਾ ਚੰਗਾ ਭਾਗ ਮਿਲਣ ਦਾ ਸਬੱਬ ਆ ਬਣਦਾ ਹੈ। (ਮਾਇਆ ਦੇ ਮੋਹ ਦੀ ਨੀਂਦ ਵਿਚੋਂ) ਕਈ ਜਨਮਾਂ ਦਾ ਸੁੱਤਾ ਹੋਇਆ ਜਾਗ ਪੈਂਦਾ ਹੈ।ਗੁਰੂ ਦੀ ਸੰਗਤਿ ਵਿਚ (ਰਿਹਾਂ ਮਨੁੱਖ ਦੇ ਅੰਦਰੋਂ ਦੂਜਿਆਂ ਵਾਸਤੇ) ਨਫ਼ਰਤ ਦੂਰ ਹੋ ਜਾਂਦੀ ਹੈ, ਮਨੁੱਖ ਦਾ ਮਨ ਤੇ ਤਨ ਪਰਮਾਤਮਾ ਦੇ ਪ੍ਰੇਮ-ਰੰਗ ਵਿਚ ਰੰਗਿਆ ਜਾਂਦਾ ਹੈ ॥੨॥ (ਹੇ ਭਾਈ! ਦੁੱਖਾਂ ਤੋਂ) ਬਚਾਣ ਦੀ ਸਮਰੱਥਾ ਵਾਲੇ ਨੇ ਦਇਆ ਦੇ ਸੋਮੇ ਨੇ ਪਰਮਾਤਮਾ ਨੇ ਉਸ ਦੀ ਰੱਖਿਆ ਕੀਤੀ, ਉਸ ਦੀ ਕੀਤੀ ਕੋਈ ਸੇਵਾ ਨਹੀਂ ਵੇਖੀ ਕੋਈ ਮਿਹਨਤ ਨਹੀਂ ਵੇਖੀ। (ਗੁਰੂ ਦੀ ਸੰਗਤਿ ਵਿਚ ਰਿਹਾਂ ਜਿਸ ਮਨੁੱਖ ਉੱਤੇ) ਪ੍ਰਭੂ ਨੇ ਕਿਰਪਾ ਕੀਤੀ, ਦਇਆ ਕੀਤੀ, (ਗੁਰੂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਦੀ ਸਿਫ਼ਤਿ-ਸਾਲਾਹ) ਮੁੜ ਮੁੜ ਸੁਣ ਕੇ (ਜਿਸ ਮਨੁੱਖ ਦੇ) ਮਨ ਵਿਚ (ਸਿਫ਼ਤਿ-ਸਾਲਾਹ ਕਰਨ ਦਾ) ਚਾਉ ਪੈਦਾ ਹੋ ਗਿਆ, ਉਹ ਅੱਠੇ ਪਹਿਰ (ਹਰ ਵੇਲੇ) ਪਰਮਾਤਮਾ ਦੇ ਗੁਣ ਗਾਣ ਲੱਗ ਪਿਆ। (ਗੁਣ) ਗਾਂਦਿਆਂ ਗਾਂਦਿਆਂ ਉਸ ਨੇ ਸਭ ਤੋਂ ਉੱਚੀ ਆਤਮਕ ਅਵਸਥਾ ਹਾਸਲ ਕਰ ਲਈ। ਹੇ ਨਾਨਕ! ਗੁਰੂ ਦੀ ਕਿਰਪਾ ਨਾਲ ਉਸ ਨੇ (ਪ੍ਰਭੂ-ਚਰਨਾਂ ਵਿਚ) ਸੁਰਤ ਜੋੜ ਲਈ ॥੪॥੨੦॥੩੧॥

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article