Wednesday, November 27, 2024
spot_img

‘ਮੈਂ’ ਦੇ ਸ਼ੋਰ ‘ਚੋਂ ਨਿਕਲਕੇ ਭੈਅ ਵਿਚ ਰਹਿਣਾ ਸਿੱਖੋ

Must read

ਦਿ ਸਿਟੀ ਹੈੱਡਲਾਈਨਸ

ਖ਼ੁਦ ਨੂੰ ਅਸ਼ਰਫਲ ਮਖ਼ਲੂਕਾਤ  ਕਹਾਉਣ ਵਾਲਾ ਇਨਸਾਨ ਗਰੂਰ ਨੂੰ ਵਿਸਾਰ ਕੇ ਜੇਕਰ ਉਸ ਪਰਵਦਗਾਰ ਦੇ ਭੈਅ ਵਿਚ ਜਿਉਂਣਾ ਸਿੱਖ ਲਵੇ ਤਾਂ ਨਿਸ਼ਚਿਤ ਤੌਰ ਉੱਪਰ ਉਸ ਦਾ ਜਿਉਂਣਾ ਵੀ ਸਫਲ ਹੈ ਅਤੇ ਮਰਨਾ ਵੀ ਸਫਲ ਹੈ, ਪਰ ਅਫ਼ਸੋਸ ਦੀ ਗੱਲ ਇਹ ਹੈ ਕਿ ਅਸੀਂ ਕਮਜ਼ਰਫ ਲੋਕ ਆਪਣੀ ਹੈਂਕੜ ਦੀ ਉੱਚੀ ਟੀਸੀ ੳੱਪਰ ਬੈਠ ਕੇ ਆਪਣੇ ਇਰਦ-ਗਿਰਦ ਦੇ ਲੋਕਾਂ ਨੂੰ ਆਪਣੇ ਨਾਲੋਂ ਤੁੱਛ, ਕਮਜ਼ੋਰ, ਨੀਵਾਂ ਅਤੇ ਕਮ ਹੈਸੀਅਤ ਵਾਲਾ ਮੰਨਦੇ ਹੋਏ ਖ਼ੁਦ ਨੂੰ ਤਾਕਤਵਰ ਅਤੇ ਸ੍ਰੇਸ਼ਟ ਮੰਨਣ ਦੇ ਨਸ਼ੇ ਵਿੱਚ ਇੰਨੇ ਮਦਮਸਤ ਹੋ ਜਾਂਦੇ ਹਾਂ ਕਿ  ਸਾਨੂੰ ਨਾ ਤਾਂ ਕਿਸੇ ਦਾ ਭੈਅ, ਨਾ ਕਿਸੇ ਦਾ ਲਿਹਾਜ਼, ਨਾ ਕਿਸੇ ਨਾਲ ਹਮਦਰਦੀ, ਨਾ ਹੀ ਕਿਸੇ ਦੀ ਕੋਈ ਸ਼ਰਮ ਅਤੇ ਨਾ ਹੀ ਵਕਤ ਦੇ ਬਦਲਣ ਦਾ ਖੌਫ਼  ਰਹਿੰਦਾ ਹੈ। ਆਪਣੀ ਹੀ ਮਗ਼ਰੂਰੀ ਅਤੇ ਆਪਣੀ ਹੀ ਧੁੰਨ ਵਿੱਚ ਅੱਜ ਦਾ ਮਨੁੱਖ ਵਿਚਾਰਾਤਮਕ ਵੱਖਰਤਾ, ਧਾਰਮਿਕ ਤੇ ਸਭਿਆਚਾਰਕ ਭਿੰਨਤਾਵਾਂ ਤੇ ਵਿਰੋਧ ਦਾ ਸਤਿਕਾਰ ਕਰਨ ਅਤੇ ਸ਼ਾਂਤਮਈ ਸਹਿਹੋਂਦ ਤੇ ਸਹਿਣਸ਼ੀਲਤਾ ਦੇ ਗੁਣਾਂ ਨੂੰ ਭੁਲਾ ਕੇ ਸਿਰਫ਼ ਆਪਣੇ ਹੀ ਨੁਕਤਾ-ਏ-ਨਿਗਾਹ ਨੂੰ ਸਹੀ ਠਹਿਰਾਉਣ ਦੀ ਜ਼ਿੱਦ ਪੁਗਾਉਂਦਾ ਹੋਇਆ ਖ਼ੁਦ ਕਹਿਣਾ ਤਾਂ ਬਹੁਤ ਕੁਝ ਚਾਹੁੰਦਾ ਹੈ, ਪਰ ਉਹ ਕਿਸੇ ਦੂਸਰੇ ਦੇ ਨੁਕਤਾ-ਏ-ਨਜ਼ਰ ਨੂੰ ਨਾ ਤਾਂ ਬਰਦਾਸ਼ਤ ਕਰਦਾ ਹੈ ਅਤੇ ਨਾ ਹੀ ਕਿਸੇ ਦੂਸਰੇ ਦੀ ਕੁੱਝ ਸੁਣਨਾ ਚਾਹੁੰਦਾ ਹੈ। ਮਨੁੱਖ ਸਭ ਕੁਝ ਜਾਣਦਿਆਂ ਬੁਝਦਿਆਂ ਅਣਜਾਣ ਹੋਣ ਦਾ ਢੌਂਗ ਰਚਾਉਂਦਾ ਹੋਏ ਇਕ ਫ਼ਰੇਬ ਦਾ ਸ਼ਿਕਾਰ ਹੋ ਕੇ ਗਫ਼ਲਤ ਵਿਚ ਜ਼ਿੰਦਗੀ ਜਿਉਂਣ ਨੂੰ ਜ਼ਿੰਦਗੀ ਸਮਝ ਕੇ ਤਮਾਮ ਉਮਰ ਖ਼ੁਦ ਨੂੰ ਧੋਖਾ ਦਿੰਦਾ ਰਹਿੰਦਾ ਹੈ।

ਆਮ ਤੌਰ ਉੱਪਰ ਇਹ ਦੇਖਣ ਵਿਚ ਆਉਂਦਾ ਹੈ ਕਿ ਜਦ ਕੋਈ ਗਰੂਰ ਵਿਚ ਰਮਿਆ ਹੋਇਆ ਸਰੀਰ ਕਿਸੇ ਮਜ਼ਲੂਮ ਨਾਲ ਵਧੀਕੀ ਕਰਦਾ ਹੋਇਆ ਕਿਸੇ ਦੇ ਸਵੈਮਾਣ ਦਾ ਨਿਰਾਦਰ ਕਰਨ ਦੇ ਨਾਲ-ਨਾਲ ਕਿਸੇ ਦੇ ਸੁਤੰਤਰ ਵਜ਼ੂਦ ਦਾ ਤਿਰਸਕਾਰ ਕਰ ਰਿਹਾ ਹੁੰਦਾ ਹੈ ਤਾਂ ਉਸ ਦੇ ਹਾਵ-ਭਾਵ, ਬੋਲਾਂ ਜਾਂ ਲਹਿਜ਼ੇ ਵਿੱਚ ਵੀ ਨਾਕਾਰਾਤਮਿਕ ਬਦਲਾਅ ਅਤੇ ਹੰਕਾਰ ਝਲਕਦਾ ਦਿਖਾਈ ਦਿੰਦਾ ਹੈ ਅਤੇ ਉਸ ਹੈਂਕੜਬਾਜ ਮਨੁੱਖ ਦਾ ਆਪਣੇ ਆਪ ਉੱਪਰ ਵੀ ਆਪਣਾ ਕੋਈ ਨਿਯੰਤਰਣ ਨਹੀਂ ਰਹਿੰਦਾ ਹੈ। ਉਸ ਦੇ ਬੋਲਾਂ ਵਿਚਲੇ ‘ਮੈਂ’ ਦੇ ਸ਼ੋਰ ਵਿਚ ਅਣਗਿਣਤ ਮਜ਼ਲੂਮਾਂ, ਬੇਕਸੂਰਾਂ, ਨਿਤਾਣਿਆਂ ਅਤੇ ਕਮਜ਼ੋਰ ਲੋਕਾਂ ਦੇ ਬੁੱਲਾਂ ਦੇ ਹਾਸੇ ਕਿਤੇ ਗੁੰਮ ਹੋ ਜਾਂਦੇ ਹਨ ਅਤੇ ਉਹਨਾਂ ਨਿਮਾਣਿਆਂ ਦੇ ਦਿਲਾਂ ਦਾ ਸਕੂਨ ਅਤੇ ਜਿਉਂਣ ਦੀ ਚਾਹਤ ਦਮ ਤੋੜ ਦਿੰਦੀ ਹੈ। ਦਰਅਸਲ ਮਗਰੂਰਿਆ ਹੋਇਆ ਵਿਅਕਤੀ ਇਸ ਸਦੀਵੀਂ ਸਚਾਈ ਤੋਂ ਮੂੰਹ ਮੋੜ ਲੈਂਦਾ ਹੈ ਕਿ ਦੁਨੀਆਂ ਦੇ ਇਸ ਰੰਗਮੰਚ ਦੇ ਸੂਤਰਧਾਰ ਨੇ ਉਸ ਨੂੰ ਆਪਣਾ ਕਿਰਦਾਰ ਨਿਭਾਉਣ ਲਈ ਕੇਵਲ ਗਿਣਤੀ ਦੇ ਚਾਰ ਦਿਹਾੜੇ ਦਿੱਤੇ ਹਨ, ਲੇਕਿਨ ਗਾਫ਼ਲ ‘ਰੰਗਕਰਮੀ’ ਇਹ ਸਮਝ ਬੈਠਦਾ ਹੈ ਕਿ ਜਿਵੇਂ ਉਹ ਆਪ ਸੂਤਰਧਾਰ ਹੋਵੇ ਜਾਂ ਫਿਰ ਸਾਰੇ ਨਾਟਕ ਵਿਚ ਮਰਕਜ਼ੀ ਕਿਰਦਾਰ ਉਹ ਨਿਭਾ ਰਿਹਾ ਹੋਵੇ। ਇਸ ਸੰਸਾਰ ਵਿੱਚ ਵਿਚਰਦੇ ਹੋਏ ਸਾਨੂੰ ਇਸ ਗੱਲ ਦਾ ਬਹੁਤ ਚੰਗੀ ਤਰ੍ਹਾਂ ਅਹਿਸਾਸ ਹੋਣਾ ਚਾਹੀਦਾ ਹੈ ਕਿ ਅਸੀਂ ਲੋਕ ਸਮੁੱਚੇ ਨਿਜ਼ਾਮ ਦਾ ਇਕ ਅਦਨਾ ਜਿਹਾ ਹਿੱਸਾ ਹੁੰਦੇ ਹਾਂ ਅਤੇ ਜਦੋਂ ਅਸੀਂ ਸਮੁੱਚੇ ਨਿਜ਼ਾਮ ਨੂੰ ਆਪਣੀ ਇੱਛਾ ਅਨੁਸਾਰ ਨਿਯੰਤ੍ਰਿਤ ਕਰਨ ਦੀ ਕੋਸ਼ਿਸ਼ ਕਰਦੇ ਹਾਂ ਤਾਂ ਅਸੀਂ ਆਪਣੇ ਆਸ-ਪਾਸ ਦੇ ਲੋਕਾਂ ਦੇ ਜੀਵਨ ਵਿੱਚ ਕਈ ਮੁਸ਼ਕਿਲਾਂ ਖੜੀਆਂ ਕਰ ਦਿੰਦੇ ਹਾਂ ਅਤੇ ਹੌਲੀ-ਹੌਲੀ ਲੋਕਾਂ ਨਾਲ ਸਾਡੀਆਂ ਦੂਰੀਆਂ ਇੰਨੀਆਂ ਵੱਧ ਜਾਂਦੀਆਂ ਹਨ ਕਿ ਸਾਡਾ ਗ਼ਰੂਰ ਹੀ ਸਾਡੇ ਗਲੇ ਦਾ ਫੰਦਾ ਬਣ ਜਾਂਦਾ ਹੈ। ਅਸੀਂ ਲੋਕ ਜਿਹਨਾਂ ਮਜ਼ਲੂਮਾਂ ਨੂੰ ਆਪਣੇ ਪੈਰਾਂ ਦੀ ਖ਼ਾਕ ਜਾਂ ਚਿੜੀਆਂ ਵਾਂਗ ਕਮਜੋਰ ਸਮਝਦੇ ਹਾਂ, ਉਹਨਾਂ ਚਿੜੀਆਂ ਨੇ ਕਦੋਂ ਪਰਮਾਤਮਾ ਦੀ ਅਪਾਰ ਕਿਰਪਾ ਨਾਲ ਬਾਜ਼ ਬਣ ਕੇ ਆਪਣੇ ਉੱਪਰ ਢਾਹੇ ਗਏ ਹਰ ਜ਼ੁਲਮ ਦਾ ਸਾਥੋਂ ਹਿਸਾਬ  ਲੈ ਲੈਣਾ ਹੈ, ਇਸ ਦਾ ਅਸੀਂ ਅੰਦਾਜ਼ਾ ਵੀ ਨਹੀਂ ਲਗਾ ਸਕਦੇ ਹਾਂ । ਇਹ ਇਕ ਅਟੱਲ ਸਚਾਈ ਹੈ ਕਿ ਇਹ ਦੁਨਿਆਵੀ ਤਖ਼ਤੋਂ-ਤਾਜ਼ ਅਤੇ ਇਹ ਹੈਂਕੜ ਦੇ ਬੁੱਤ ਕਦੇ ਵੀ ਸਦਾ ਸਲਾਮਤ ਨਹੀਂ ਰਹਿਣੇ ਅਤੇ ਪਲਕ ਝਪਕਦਿਆਂ ਮਜ਼ਲੂਮਾਂ ਦੀ ਹਾਅ ਲੱਗਣ ਦੀ ਨੌਬਤ ਕਦੇ ਵੀ ਆ ਸਕਦੀ ਹੈ।

ਇਥੇ ਇਕ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਆਖ਼ਰ ਅਸੀਂ ਕਿਉਂ ਇਸ ਸਦੀਵੀ ਸੱਚ ਨੂੰ ਸਵੀਕਾਰ ਨਹੀਂ ਕਰਦੇ ਹਾਂ ਕਿ ਸਾਨੂੰ ਇਕ ਨਾ ਇਕ ਦਿਨ ਇਸ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿਣਾ ਪੈਣਾ ਹੈ ਅਤੇ ਅਸੀਂ ਲੋਕ ਅਣਗੌਲਿਆ ਕਿਉਂ ਨਹੀਂ ਰਹਿਣਾ ਚਾਹੁੰਦੇ ਹਾਂ?  ਸਾਡਾ ਲਾਲਚ ਅਤੇ ਹਊਮੈ ਸਾਨੂੰ ਆਮ ਤੋਂ ਖਾਸ ਬਣਨ ਦੇ ਲਈ ਇਸ ਹੱਦ ਤੱਕ ਅੰਨਿਆਂ ਕਿਉਂ ਕਰ ਦਿੰਦਾ ਹੈ ਕਿ ਅਸੀਂ ਆਪਣੀ ਜ਼ਿੰਦਗੀ ਵਿਚ ਕੋਈ ਮਖ਼ਸੂਸ ਮੁਕਾਮ ਹਾਸਲ ਕਰਨ ਪਿੱਛੋਂ ਆਮ ਲੋਕਾਂ ਨੂੰ ਘਿਰਣਾ ਦੀ ਨਜ਼ਰ ਨਾਲ ਦੇਖਦੇ ਹੋਏ ਆਪਣੀਆਂ ਅੱਖਾਂ ਉੱਪਰ ਗਰੂਰ ਦੀ ਪੱਟੀ ਬੰਨ ਕੇ ਕੁਰਾਹੇ ਪੈ ਜਾਂਦੇ ਹਾਂ। ਕਾਸ਼! ਸਾਡਾ ਸੋਹਣਾ ਰੱਬ ਸਾਨੂੰ ਇੰਨਾ ਕੁ ਸਬਰ, ਸਹਿਜ ਅਤੇ ਸੰਤੋਖ ਰੱਖਣ ਅਤੇ ਸਰਲ ਤਰੀਕੇ ਨਾਲ ਆਪਣੀ ਜ਼ਿੰਦਗੀ ਨੂੰ ਗੁਜ਼ਾਰਨ ਦਾ ਬੱਲ, ਬੁੱਧੀ ਅਤੇ ਪ੍ਰੇਰਣਾ ਦੇਵੇ ਕਿ ਅਸੀਂ ਉਸ ਨਿਰੰਕਾਰ ਦੇ ਭੈਅ ਵਿਚ ਇਕ ਅਜਿਹਾ ਜੀਵਨ ਗੁਜ਼ਾਰ ਸਕੀਏ ਕਿ ਅਸੀਂ ਖ਼ੁਦ ਵੀ ਵਿਕਾਰਾਂ ਦੇ ਬੰਧਨਾਂ ਤੋਂ ਮੁਕਤ ਹੋਣ ਦੇ ਨਾਲ-ਨਾਲ ਆਪਣੇ ਆਸ-ਪਾਸ ਦੇ ਲੋਕਾਂ ਨੂੰ ਵੀ ਇਹਨਾਂ ਵਿਕਾਰਾਂ ਦੇ ਬੰਧਨਾਂ ਤੋਂ ਮੁਕਤ ਕਰਨ ਵਿੱਚ ਸਹਾਈ ਹੋ ਸਕੀਏ।

ਜੇਕਰ ਗਹੁ ਨਾਲ ਵਾਚਿਆ ਜਾਵੇ ਤਾਂ ਇਹ ਵੀ ਸਹਿਜੇ ਹੀ ਮਹਿਸੂਸ ਹੁੰਦਾ ਹੈ ਕਿ ਜੋ ਲੋਕ ਦੂਜਿਆਂ ਨੂੰ ਇਸਤੇਮਾਲ ਕਰਨ ਜਾਂ ਨੀਵਾਂ ਦਿਖਾਉਣ ਦੀ ਕੋਸ਼ਿਸ਼ ਕਰਦੇ ਹਨ, ਉਹ ਕਦੇ ਵੀ ਦੂਜਿਆਂ ਦੇ ਮਨਾਂ ਵਿਚ ਆਪਣੇ ਲਈ ਸਥਾਈ ਤੌਰ ਉੱਪਰ ਸਤਿਕਾਰ ਦੀ ਭਾਵਨਾ ਪੈਦਾ ਨਹੀਂ ਕਰ ਸਕਦੇ ਹਨ। ਇਹਨਾਂ ਲੋਕਾਂ ਨੂੰ ਜਾਂ ਤਾਂ ਇਸ ਗੱਲ ਦੀ ਸੋਝੀ ਤੱਕ ਨਹੀਂ ਹੁੰਦੀ ਜਾਂ ਇਹ ਲੋਕ ਆਪਣੀ ਹੈਂਕੜ ਸਥਾਪਤ ਕਰਨ ਦੀ ਕੋਸ਼ਿਸ਼ ਕਰਦੇ ਹੋਏ ਇਹ ਜਾਣਬੁੱਝ ਕੇ ਇਸ ਬੁਨਿਆਦੀ ਤੇ ਸਦੀਵੀਂ ਸੱਚ ਨੂੰ ਭੁੱਲਣ ਦਾ ਢੌਂਗ ਰਚਦੇ ਹਨ ਕਿ ਜਿੱਥੇ ਖ਼ੌਫ਼ ਹੁੰਦਾ ਹੈ, ਉੱਥੇ ਪਿਆਰ ਅਤੇ ਸਤਿਕਾਰ ਦੀ ਭਾਵਨਾ ਦਾ ਵਿਕਾਸ ਹੋਣਾ ਸੰਭਵ ਨਹੀਂ ਹੁੰਦਾ ਹੈ। ਹਰ ਪਲ ਦੂਸਰਿਆਂ ਦੀ ਆਜ਼ਾਦ ਹਸਤੀ ਨੂੰ ਸਿਰਿਉਂ ਨਿਕਾਰਨ ਅਤੇ ਲਤਾੜਣ ਨਾਲ ਅਜਿਹੇ ਲੋਕ ਮਜ਼ਲੂਮ ਲੋਕਾਂ ਦੀ ਨਫ਼ਰਤ ਦਾ ਪਾਤਰ ਬਣਦੇ ਹਨ। ਜੋ ਲੋਕ ਇਹ ਲੋਚਦੇ ਹੁੰਦੇ ਹਨ ਕਿ ਹਰ ਕਾਰਜ ਉਹਨਾਂ ਦੀ ਇੱਛਾ ਅਨੁਸਾਰ ਉਹਨਾਂ ਦੀ ਆਗਿਆ ਲੈਕੇ ਹੋਵੇ ਅਤੇ ਠੀਕ-ਗਲਤ ਤੇ ਜਾਇਜ਼-ਨਾਜਾਇਜ਼ ਦੇ ਮਾਪਦੰਡ ਉਹਨਾਂ ਦੀ ਖੁਸ਼ੀ ਤੇ ਉਹਨਾਂ ਦੇ ਹਿੱਤਾਂ ਨੂੰ ਮੁੱਖ ਰੱਖਦੇ ਹੋਏ ਨਿਰਧਾਰਤ ਕੀਤੇ ਜਾਣ ਅਤੇ ਜੇਕਰ ਅਜਿਹੇ ਲੋਕਾਂ ਦੇ ਮਨਸੂਬਿਆਂ, ਸੋਚ, ਬਿਰਤੀ ਅਤੇ ਅਮਲਾਂ ਨੂੰ ਗਹੁ ਨਾਲ ਵਾਚਿਆ ਜਾਵੇ ਤਾਂ ਸਾਨੂੰ ਇਹ ਵੀ ਸਹਿਜੇ ਹੀ ਮਹਿਸੂਸ ਹੋਵੇਗਾ ਕਿ ਅਜਿਹੇ ਲੋਕ ਅਸਲ ਵਿਚ ਮਾਨਸਿਕ ਤੌਰ ਉੱਪਰ ਅਪਾਹਜ਼ ਹੁੰਦੇ ਹਨ।

ਦੂਜਿਆਂ ਨੂੰ ਖ਼ੁਦ ਤੋਂ ਨੀਵਾਂ ਸਮਝਣ ਵਾਲੇ ਇਹਨਾਂ ਲੋਕਾਂ ਨੂੰ ਆਪਣੀ ਤਾਕਤ, ਵਜ਼ੂਦ ਅਤੇ ਗ਼ਰੂਰ ਦੇ ਬੁੱਤ  ਢਹਿ ਢੇਰੀ ਹੋ ਜਾਣ ਦਾ ਡਰ ਲਗਾਤਾਰ ਸਤਾਉਂਦਾ ਰਹਿੰਦਾ ਹੈ ਅਤੇ ਆਪਣੇ ਅਸਲੀ ਚਿਹਰੇ ਨੂੰ ਛੁਪਾਉਣ ਅਤੇ ਆਪਣੀ ਅਸੁਰੱਖਿਆ, ਕਮਜ਼ਰਫੀ ਤੇ ਸੌੜੇ ਨਜ਼ਰੀਏ ਨੂੰ ਦੂਜਿਆਂ ਤੋਂ ਲੁਕਾਉਣ ਦੀ ਦੌੜ ਵਿੱਚ ਅਜਿਹੇ ਖੁਸ਼ਮਾਦ ਪਾਸੰਦ ਲੋਕ ਆਪਣੀ ਅਖੌਤੀ ਤਾਕਤ ਦੇ ਸਹਾਰੇ ਆਪਣੇ ਆਲੇ-ਦੁਆਲੇ ਇਕ ਅਜਿਹਾ ਜਾਲ ਬੁਣ ਲੈਂਦੇ ਹਨ ਕਿ ਜਿਸ ਵਿਚ ਇਹਨਾਂ ਦੇ ਖੁਸ਼ਮਾਦੀਆਂ ਤੋਂ ਇਲਾਵਾ ਹੋਰ ਕੋਈ ਪ੍ਰਵੇਸ਼ ਨਹੀਂ ਕਰ ਪਾਉਂਦਾ ਹੈ। ਗੰਧਲੀ ਸੋਚ ਦੇ ਧਾਰਨੀ ਅਤੇ ਜ਼ਿਹਨੀ ਤੌਰ ਉੱਪਰ ਬੀਮਾਰ ਅਜਿਹੇ ਲੋਕਾਂ ਨੂੰ ਜੇਕਰ ਕੋਈ ਜੁਰਅਤ ਕਰਕੇ ਜਾਂ ਭੁਲੇਖੇ ਨਾਲ ਆਇਨਾ ਦਿਖਾ ਦੇਵੇ ਤਾਂ ਇਹ ਆਪਣੇ ਗੰਧਲੇ ਚਿਹਰਿਆਂ ਨੂੰ ਸਾਫ ਕਰਨ ਦੀ ਬਜਾਏ ਆਇਨੇ ਨੂੰ ਹੀ ਚਕਨਾਚੂਰ ਕਰਨ ਉੱਪਰ ਉਤਾਰੂ ਹੋ ਜਾਂਦੇ ਹਨ। ਅਜਿਹੇ ਲੋਕਾਂ ਨੂੰ ਸੁਧਾਰਨ ਦੀ ਬਜਾਏ ਇਹਨਾਂ ਦਾ ਤਿਰਸਕਾਰ ਕਰਕੇ ਇਹਨਾਂ ਤੋਂ ਦੂਰੀ ਬਣਾ ਕੇ ਰੱਖਣਾ ਕਈ ਵਾਰ ਇਕ ਮਾਤਰ ਵਿਕਲਪ ਰਹਿ ਜਾਂਦਾ ਹੈ। ਅਜਿਹੇ ਲੋਕ ਅਸਲ ਵਿਚ ਉਹ ਨਾਗ ਹੁੰਦੇ ਹਨ, ਜੋ ਹਰ ਵੇਲੇ ਦੂਜਿਆਂ ਨੂੰ ਨਿਗਲਣ ਜਾਂ ਡੰਗਣ ਦੀ ਖਾਤਰ ਆਪਣਾ ਫੱਨ ਖਿਲਾਰ ਕਾ ਜ਼ਹਿਰ ਉਗਲਦੇ ਰਹਿੰਦੇ ਹਨ। ਅਜਿਹੇ ਲੋਕ ਖਾਰੇ ਪਾਣੀਆਂ ਦੀ ਉਸ ਜਲਧਾਰਾ ਵਾਂਗ ਹੁੰਦੇ ਹਨ, ਜਿਸ ਵਿੱਚ ਲੱਖਾਂ ਟਨ ਸ਼ਹਿਦ ਮਿਲਾਉਣ ਤੋਂ ਬਾਅਦ ਵੀ ਉਸ ਦਾ ਖਾਰਾਪਣ ਦੂਰ ਨਹੀਂ ਹੁੰਦਾ ਹੈ। ਸਾਨੂੰ ਇਹ ਸਦਾ ਯਾਦ ਰੱਖਣਾ ਚਾਹੀਦਾ ਹੈ ਕਿ ਹਰੇਕ ਇਨਸਾਨ ਨੂੰ ਸਬਰ, ਸ਼ੁਕਰ, ਸਹਿਜ, ਸ਼ਾਤੀ, ਇੰਤਜ਼ਾਰ ਅਤੇ ਅਰਦਾਸ ਦੀ ਢਾਲ ਨਾਲ ਆਪਣੇ ਆਪ ਦੀ ਹਿਫ਼ਾਜ਼ਤ ਕਰਨ ਦਾ ਹੁਨਰ ਸਿੱਖਣਾ ਚਾਹੀਦਾ ਹੈ ਕਿਉਂ ਕਿ ਇਹ ਉਹ ਢਾਲ ਹੈ ਕਿ ਜਿਸ ਉੱਪਰ ਹਰ ਜ਼ਾਲਮ ਦਾ ਵਾਰ ਅਤੇ ਕਿਸੇ ਵੀ ਨਾਗ ਦਾ ਜ਼ਹਿਰ ਭਾਰੂ ਨਹੀਂ ਪੈ ਸਕਦਾ ਹੈ। ਹੰਕਾਰ ਦੀ ਭੱਠੀ ਵਿਚ ਤਪ ਰਹੇ ਅਜਿਹੇ ਲੋਕਾਂ ਨੂੰ ਬਦਲਣ ਜਾਂ ਇੰਨੇ ਦੇ ਪੱਧਰ ਤੱਕ ਗਿਰ ਕੇ ਇਹਨਾਂ ਨੂੰ ਆਇਨਾ ਦਿਖਾ ਕੇ ਇਹਨਾਂ ਨੂੰ ਹਰਾਉਣ  ਦੀ ਬਜਾਏ ਸਾਨੂੰ ਆਪਣਾ ਸਹਿਜ ਅਤੇ ਮਾਨਸਿਕ ਸਕੂਨ ਹਰ ਪਰਸਥਿਤੀ ਵਿਚ ਸਦਾ ਕਾਇਮ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ।

ਡਾ. ਅਰਵਿੰਦਰ ਸਿੰਘ ਭੱਲਾ

ਪਿ੍ੰਸੀਪਲ

ਗੁਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ, ਲੁਧਿਆਣਾ।

ਮੋ: 9463062603

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article