Saturday, September 21, 2024
spot_img

ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਲਈ ਚੁਣੇ ਵਿਦਿਆਰਥੀਆਂ ਦਾ ਸਾਰਾ ਖਰਚਾ ਚੁੱਕੇਗੀ ਸ਼੍ਰੋਮਣੀ ਕਮੇਟੀ- ਐਡਵੋਕੇਟ ਧਾਮੀ

Must read

ਚੰਡੀਗੜ੍ਹ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਸਿੱਖ ਨੌਜੁਆਨਾਂ ਨੂੰ ਮੁਕਾਬਲਾ ਪ੍ਰੀਖਿਆਵਾਂ ਦੀ ਤਿਆਰੀ ਕਰਵਾਉਣ ਲਈ ਖੋਲ੍ਹੇ ਗਏ ‘ਨਿਸ਼ਚੈ ਪ੍ਰਸ਼ਾਸਕੀ ਸੇਵਾਵਾਂ ਸਿਖਲਾਈ ਕੇਂਦਰ’ ਦੇ ਪਹਿਲੇ ਬੈਚ ਵਾਸਤੇ 11 ਵਿਦਿਆਰਥੀਆਂ ਦੀ ਚੋਣ ਕੀਤੀ ਗਈ ਹੈ। ਇਸ ਅਕੈਡਮੀ ਵਿਚ ਚੁਣੇ ਗਏ ਵਿਦਿਆਰਥੀਆਂ ਦੀਆਂ ਫੀਸਾਂ, ਰਿਹਾਇਸ਼ ਅਤੇ ਖਾਣੇ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਵੱਲੋਂ ਕੀਤਾ ਜਾਵੇਗਾ। ਬੀਤੇ ਦਿਨਾਂ ਅੰਦਰ ਸ਼੍ਰੋਮਣੀ ਕਮੇਟੀ ਵੱਲੋਂ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਇਹ ਅਕੈਡਮੀ ਸਥਾਪਤ ਕਰਨ ਦਾ ਫੈਸਲਾ ਕੀਤਾ ਗਿਆ ਸੀ, ਜਿਸ ਤਹਿਤ ਹਰ ਸਾਲ 25 ਗੁਰਸਿੱਖ ਵਿਦਿਆਰਥੀਆਂ ਨੂੰ ਆਈਏਐਸ, ਆਈਪੀਐਸ, ਆਈਐਫਐਸ ਅਤੇ ਪੀਪੀਐਸਸੀ ਆਦਿ ਦੀਆਂ ਮੁਕਾਬਲਾ ਪ੍ਰੀਖਿਆਵਾਂ ਵਾਸਤੇ ਤਿਆਰੀ ਕਰਵਾਈ ਜਾਵੇਗੀ। ਅੱਜ ਚੰਡੀਗੜ੍ਹ ਸਥਿਤ ਸ਼੍ਰੋਮਣੀ ਕਮੇਟੀ ਦੇ ਉੱਪ ਦਫ਼ਤਰ ਵਿਖੇ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਪਹਿਲੇ ਬੈਚ ਲਈ ਚੁਣੇ 11 ਵਿਦਿਆਰਥੀਆਂ ਨੂੰ ਦਾਖਲਾ ਪੱਤਰ ਸੌਂਪੇ ਗਏ। ਇਸ ਮੌਕੇ ਐਡਵੋਕੇਟ ਧਾਮੀ ਨੇ ਕਿਹਾ ਕਿ ਪੰਜਾਬ ਦੀ ਨੌਜੁਆਨੀ ਦਾ ਵਿਦੇਸ਼ਾਂ ’ਚ ਜਾ ਕੇ ਪੜ੍ਹਨ ਦਾ ਰੁਝਾਨ ਬੇਹੱਦ ਚਿੰਤਾਜਨਕ ਹੈ, ਜਿਸ ਨਾਲ ਪੰਜਾਬ ਦੇ ਪ੍ਰਸ਼ਾਸਨਿਕ ਹਲਕਿਆਂ ਵਿਚ ਸਿੱਖ ਨੌਜੁਆਨਾਂ ਦਾ ਖਲਾਅ ਪੈਦਾ ਹੋ ਰਿਹਾ ਹੈ। ਇਹ ਸਭ ਲਈ ਸੋਚਣ ਦਾ ਵਿਸ਼ਾ ਹੈ, ਕਿਉਂਕਿ ਜੇਕਰ ਉੱਚ ਅਹੁਦਿਆਂ ’ਤੇ ਆਪਣੇ ਬੱਚੇ ਨਾ ਰਹੇ ਤਾਂ ਸੱਭਿਆਚਾਰਕ ਅਤੇ ਖਿੱਤੇ ਦੀ ਵਿਰਾਸਤ ਦੀ ਤਰਜ਼ਮਾਨੀ ਸਹੀ ਨਹੀਂ ਹੋ ਸਕੇਗੀ। ਇਸੇ ਨੂੰ ਲੈ ਕੇ ਸਿੱਖ ਕੌਮ ਦੀ ਪ੍ਰਤੀਨਿਧ ਸੰਸਥਾ ਸ਼੍ਰੋਮਣੀ ਕਮੇਟੀ ਵੱਲੋਂ ਪ੍ਰਸ਼ਾਸਨਿਕ ਸੇਵਾਵਾਂ ਦੀ ਤਿਆਰੀ ਵਾਸਤੇ ਅਕੈਡਮੀ ਖੋਲ੍ਹੀ ਗਈ ਹੈ, ਜਿਸ ਵਿਚ ਹਰ ਸਾਲ 25 ਗੁਰਸਿੱਖ ਨੌਜੁਆਨਾਂ ਨੂੰ ਤਿਆਰੀ ਕਰਵਾਈ ਜਾਵੇਗੀ। ਉਨ੍ਹਾਂ ਦੱਸਿਆ ਕਿ ਪਹਿਲੇ ਬੈਚ ਲਈ 11 ਵਿਦਿਆਰਥੀਆਂ ਦੀ ਚੋਣ ਕਰ ਲਈ ਗਈ ਹੈ ਅਤੇ ਬਾਕੀ ਰਹਿੰਦੇ 14 ਵਾਸਤੇ ਮੁੜ ਪ੍ਰਕਿਰਿਆ ਆਰੰਭੀ ਜਾਵੇਗੀ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਪਾਸ 350 ਵਿਦਿਆਰਥੀਆਂ ਦੀਆਂ ਅਰਜੀਆਂ ਆਈਆਂ ਸਨ, ਜਿਨ੍ਹਾਂ ਨੂੰ ਵੱਖ-ਵੱਖ ਪੜਾਵਾਂ ’ਚੋਂ ਜਾਂਚਣ ਪਰਖਣ ਬਾਅਦ 11 ਵਿਦਿਆਰਥੀ ਚੁਣੇ ਗਏ ਹਨ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਚੋਣ ਬਿਲਕੁਲ ਪਾਰਦਰਸ਼ੀ ਢੰਗ ਨਾਲ ਮੈਰਿਟ ਦੇ ਅਧਾਰ ’ਤੇ ਕੀਤੀ ਗਈ ਹੈ। ਚੁਣੇ ਗਏ ਬੱਚਿਆਂ ਇਕ ਲੜਕੀ ਭੋਪਾਲ ਅਤੇ ਦੋ ਲੜਕੀਆਂ ਜੰਮੂ ਕਸ਼ਮੀਰ ਤੋਂ ਹਨ, ਜਦਕਿ ਬਾਕੀ ਪੰਜਾਬ ਨਾਲ ਸਬੰਧਤ ਹਨ। ਉਨ੍ਹਾਂ ਦੱਸਿਆ ਕਿ ਫਿਲਹਾਲ ਸ਼੍ਰੋਮਣੀ ਕਮੇਟੀ ਦੀ ਅਕੈਡਮੀ ਵੱਲੋਂ ਚੰਡੀਗੜ੍ਹ ਦੇ ਇਕ ਅਹਿਮ ਕੋਚਿੰਗ ਸੈਂਟਰ ਨਾਲ ਸਮਝੌਤਾ ਸਹੀਬੱਧ ਕੀਤਾ ਗਿਆ ਹੈ, ਜਿਥੇ ਬੱਚਿਆਂ ਨੂੰ ਕੋਚਿੰਗ ਦਿੱਤੀ ਜਾਵੇਗੀ। ਉਨ੍ਹਾਂ ਇਹ ਵੀ ਦੱਸਿਆ ਕਿ ਇਨ੍ਹਾਂ ਵਿੱਚੋਂ ਜਿਹੜੇ ਵਿਦਿਆਰਥੀ ਅੱਗੇ ਪੜ੍ਹਨਾ ਚਾਹੁਣਗੇ ਉਸ ਦਾ ਪ੍ਰਬੰਧ ਵੀ ਸ਼੍ਰੋਮਣੀ ਕਮੇਟੀ ਕਰੇਗੀ।

ਐਡਵੋਕੇਟ ਧਾਮੀ ਨੇ ਇਸ ਕਾਰਜ ਲਈ ਸਹਿਯੋਗ ਕਰਨ ਵਾਲੀਆਂ ਸੰਸਥਾਵਾਂ ਅਤੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦਾ ਧੰਨਵਾਦ ਵੀ ਕੀਤਾ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਕਾਰਜ ਨੂੰ ਹੋਰ ਵਿਸਥਾਰ ਦੇਣਾ ਚਾਹੁੰਦੀ ਹੈ ਅਤੇ ਖੁਸ਼ੀ ਦੀ ਗੱਲ ਹੈ ਕਿ ਬਹੁਤ ਸਾਰੀਆਂ ਦੇਸ਼ ਵਿਦੇਸ਼ ਦੀਆਂ ਸੰਗਤਾਂ ਅਤੇ ਸੰਸਥਾਵਾਂ ਸਹਿਯੋਗ ਲਈ ਅੱਗੇ ਆ ਰਹੀਆਂ ਹਨ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ, ਮੈਂਬਰ ਅਜਮੇਰ ਸਿੰਘ ਖੇੜਾ, ਚਰਨਜੀਤ ਸਿੰਘ ਕਾਲੇਵਾਲ, ਚੋਣ ਕਮੇਟੀ ਦੇ ਮੈਂਬਰ ਡਾ. ਕੇਹਰ ਸਿੰਘ, ਪ੍ਰੋ. ਬ੍ਰਿਜਪਾਲ ਸਿੰਘ, ਕਾਹਨ ਸਿੰਘ ਪੰਨੂ, ਪ੍ਰੋ. ਅਜੈਬ ਸਿੰਘ ਬਰਾੜ, ਡਾ. ਮਦਨਜੀਤ ਕੌਰ ਸਹੋਤਾ, ਡਾ. ਅਮਰਜੀਤ ਸਿੰਘ, ਸਕੱਤਰ ਸੁਖਮਿੰਦਰ ਸਿੰਘ ਆਦਿ ਹਾਜ਼ਰ ਸਨ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article