ਸੋਰਠਿ ਮਃ ੧ ਚਉਤੁਕੇ ॥ ਜੋ ਮਨੁੱਖ ਕਦੇ ਮਾਪਿਆਂ ਦਾ ਪਿਆਰਾ ਪੁੱਤਰ ਸੀ, ਕਦੇ ਸਹੁਰੇ ਦਾ ਸਿਆਣਾ ਜਵਾਈ ਸੀ, ਕਦੇ ਪੁੱਤਰ ਧੀ ਵਾਸਤੇ ਪਿਆਰਾ ਪਿਉ ਸੀ, ਅਤੇ ਭਰਾ ਦਾ ਬੜਾ (ਸਨੇਹੀ) ਭਰਾ ਸੀ, ਜਦੋਂ ਅਕਾਲ ਪੁਰਖ ਦਾ ਹੁਕਮ ਹੋਇਆ ਤਾਂ ਉਸ ਨੇ ਘਰ ਬਾਰ (ਸਭ ਕੁਝ) ਛੱਡ ਦਿੱਤਾ, ਇਕ ਪਲਕ ਵਿਚ ਸਭ ਕੁਝ ਓਪਰਾ ਹੋ ਗਿਆ ।
ਆਪਣੇ ਮਨ ਦੇ ਪਿੱਛੇ ਹੀ ਤੁਰਨ ਵਾਲੇ ਬੰਦੇ ਨੇ ਨਾਹ ਨਾਮ ਜਪਿਆ ਨਾਹ ਸੇਵਾ ਕੀਤੀ ਅਤੇ ਨਾਹ ਪਵਿਤ੍ਰ ਆਚਰਨ ਬਣਾਇਆ । ਇਸ ਮਨੁੱਖਾ ਸਰੀਰ ਦੀ ਰਾਹੀਂ ਖੇਹ-ਖæੁਆਰੀ ਹੀ ਕਰਦਾ ਰਿਹਾ ।੧। ਜਿਸ ਮਨੁੱਖ ਦਾ ਮਨ ਗੁਰੂ ਦੇ ਉਪਦੇਸæ ਵਿਚ ਪਤੀਜਦਾ ਹੈ ਉਹ ਪਰਮਾਤਮਾ ਦੇ ਨਾਮ ਨੂੰ ਅਸਲ ਮਿਤ੍ਰ ਸਮਝਦਾ ਹੈ । ਮੈਂ ਤਾਂ ਗੁਰੂ ਦੇ ਪੈਰੀਂ ਲੱਗਦਾ ਹਾਂ, ਗੁਰੂ ਤੋਂ ਸਦਕੇ ਜਾਂਦਾ ਹਾਂ ਜਿਸ ਨੇ ਇਹ ਸੱਚੀ ਮਤਿ ਦਿੱਤੀ ਹੈ (ਕਿ ਪਰਮਾਤਮਾ ਹੀ ਅਸਲ ਮਿਤ੍ਰ ਹੈ) ।੧। ਮਨਮੁਖ ਦਾ ਮਨ ਜਗਤ ਨਾਲ ਝੂਠੇ ਪਿਆਰ ਵਿਚ ਪ੍ਰੋਇਆ ਰਹਿੰਦਾ ਹੈ, ਸੰਤ ਜਨਾਂ ਨਾਲ ਉਹ ਝਗੜਾ ਖੜਾ ਕਰੀ ਰੱਖਦਾ ਹੈ । ਮਾਇਆ (ਦੇ ਮੋਹ) ਵਿਚ ਮਸਤ ਉਹ ਦਿਨ ਰਾਤ ਮਾਇਆ ਦਾ ਰਾਹ ਹੀ ਤੱਕਦਾ ਰਹਿੰਦਾ ਹੈ, ਪਰਮਾਤਮਾ ਦਾ ਨਾਮ ਕਦੇ ਨਹੀਂ ਸਿਮਰਦਾ, ਇਸ ਤਰ੍ਹਾਂ (ਮਾਇਆ ਦੇ ਮੋਹ ਦੀ) ਜæਹਿਰ ਖਾ ਖਾ ਕੇ ਆਤਮਕ ਮੌਤੇ ਮਰ ਜਾਂਦਾ ਹੈ । ਆਪਣੇ ਮਨ ਦੇ ਪਿੱਛੇ ਤੁਰਨ ਵਾਲਾ ਮਨੁੱਖ ਗੰਦੇ ਗੀਤਾਂ (ਗਾਵਣ ਸੁਣਨ) ਵਿਚ ਮਸਤ ਰਹਿੰਦਾ ਹੈ, ਗੰਦੇ ਗੀਤ ਨਾਲ ਹੀ ਹਿਤ ਕਰਦਾ ਹੈ, ਪਰਮਾਤਮਾ ਦੀ ਸਿਫਤਿ-ਸਾਲਾਹ ਵਾਲੀ ਬਾਣੀ ਵਿਚ ਉਸ ਦੀ ਸੁਰਤਿ ਨਹੀਂ ਲੱਗਦੀ ।