Saturday, January 18, 2025
spot_img

ਜਾਅਲੀ ਡਿਗਰੀਆਂ ’ਤੇ ਚਲਾ ਰਹੇ ਸਨ ਮੈਡੀਕਲ ਸਟੋਰ, ਵਿਜੀਲੈਸ ਵੱਲੋਂ 9 ਕੈਮਿਸਟ ਗਿ੍ਰਫ਼ਤਾਰ

Must read

ਪੰਜਾਬ ਫਾਰਮੇਸੀ ਕੌਂਸਲ ਦੇ ਰਜਿਸਟਰਾਰਾਂ ਨਾਲ ਮਿਲੀਭੁਗਤ ਕਰ ਲਿੱਤੇ ਸਨ ਲਾਈਸੈਂਸ ਵਿਜੀਲੈਂਸ ਨੇ ਪਹਿਲਾਂ ਹੀ ਰਜਿਸਟਰਾਰ ਨੂੰ ਕੀਤਾ ਸੀ ਗਿ੍ਰਫ਼ਤਾਰ

ਦਿ ਸਿਟੀ ਹੈਡਲਾਈਨ

ਲੁਧਿਆਣਾ, 12 ਦਸੰਬਰ

ਵਿਜੀਲੈਂਸ ਬਿਊਰੋ ਨੇ ਅੱਜ ਸੂਬੇ ਦੇ ਕੁਝ ਨਿੱਜੀ ਫਾਰਮੇਸੀ ਕਾਲਜਾਂ ਦੀ ਮਿਲੀਭੁਗਤ ਨਾਲ ਧੋਖਾਧੜੀ ਰਾਹੀਂ ਡੀ-ਫਾਰਮੇਸੀ ਲਾਇਸੈਂਸ ਹਾਸਲ ਕਰਨ ਵਾਲੇ 9 ਕੈਮਿਸਟ ਸਟੋਰ ਚਲਾਉਣ ਵਾਲੇ ਵਿਅਕਤੀਆਂ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਵਿਜੀਲੈਂਸ ਬਿਊਰੋ ਵੱਲੋਂ ਪਹਿਲਾਂ ਹੀ ਪੰਜਾਬ ਰਾਜ ਫਾਰਮੇਸੀ ਕੌਂਸਲ (ਪੀ.ਐਸ.ਪੀ.ਸੀ.) ਦੇ ਦੋ ਸਾਬਕਾ ਰਜਿਸਟਰਾਰਾਂ ਅਤੇ ਕਰਮਚਾਰੀਆਂ ਵਿਰੁੱਧ ਪ੍ਰਾਈਵੇਟ ਕਾਲਜਾਂ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦੇ ਗਲਤ ਦਾਖਲੇ ਕਰਨ, ਰਜਿਸਟਰੇਸ਼ਨ ਕਰਨ ਅਤੇ ਡੀ-ਫਾਰਮੇਸੀ ਲਾਇਸੈਂਸ ਜਾਰੀ ਕਰਨ ਮੌਕੇ ਬੇਨਿਯਮੀਆਂ ਕਰਨ ਦੇ ਦੋਸ਼ ਹੇਠ ਗਿ੍ਰਫ਼ਤਾਰ ਕੀਤਾ ਸੀ। ਜਿਸ ਵਿੱਚ ਮੁਲਜ਼ਮ ਪਰਵੀਨ ਕੁਮਾਰ ਭਾਰਦਵਾਜ ਅਤੇ ਡਾ. ਤੇਜਵੀਰ ਸਿੰਘ, ਦੋਵੇਂ ਸਾਬਕਾ ਰਜਿਸਟਰਾਰ ਪੀ.ਐਸ.ਪੀ.ਸੀ. ਸਮੇਤ ਸੁਪਰਡੈਂਟ ਅਸ਼ੋਕ ਕੁਮਾਰ ਸ਼ਾਮਲ ਹਨ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੂਬਾ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਇਸ ਕੇਸ ਦੀ ਜਾਂਚ ਵਿੱਚ ਸਾਲ 2005 ਤੋਂ 2022 ਦਰਮਿਆਨ 143 ਵਿਦਿਆਰਥੀਆਂ ਦੇ ਜਾਅਲੀ ਸਰਟੀਫਿਕੇਟਾਂ ਦਾ ਪਤਾ ਲੱਗਾ ਹੈ ਜਿਸ ਤੋਂ ਪੀ.ਐਸ.ਪੀ.ਸੀ. ਵਿੱਚ ਦਾਖਲੇ, ਰਜਿਸਟਰੇਸ਼ਨਾਂ ਅਤੇ ਸਰਟੀਫਿਕੇਟਾਂ ਵਿੱਚ ਕੀਤੀ ਘਪਲੇਬਾਜ਼ੀ ਦਾ ਖੁਲਾਸਾ ਹੁੰਦਾ ਹੈ। ਉਨ੍ਹਾਂ ਦੱਸਿਆ ਕਿ ਮੰਗਲਵਾਰ ਨੂੰ ਇਸ ਮੁਕੱਦਮੇ ਵਿੱਚ 9 ਫਾਰਮਾਸਿਸਟਾਂ ਨੂੰ ਨਾਮਜ਼ਦ ਕਰਕੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਫਾਰਮਾਸਿਸਟ ਪ੍ਰਾਈਵੇਟ ਫਾਰਮੇਸੀ ਕਾਲਜਾਂ ਦੇ ਮਾਲਕਾਂ ਤੇ ਪ੍ਰਿੰਸੀਪਲਾਂ ਰਾਹੀਂ ਪੈਸੇ ਦੇ ਕੇ ਵੱਖ-ਵੱਖ ਸੰਸਥਾਵਾਂ ਤੋਂ ਧੋਖੇ ਨਾਲ ਜਾਅਲੀ 10+2 ਪਾਸ ਸਰਟੀਫਿਕੇਟ ਅਤੇ ਡੀ-ਫਾਰਮੇਸੀ ਪਾਸ ਸਰਟੀਫਿਕੇਟ ਸਣੇ ਪੀਐਸਪੀਸੀ ਤੋਂ ਜਾਅਲੀ ਰਜਿਸਟਰੇਸ਼ਨ ਸਰਟੀਫਿਕੇਟ ਜਾਰੀ ਕਰਵਾਉਣ ਦੇ ਕਥਿਤ ਦੋਸ਼ੀ ਹਨ। ਇਸ ਸਮੇਂ ਇਹ ਸਾਰੇ ਮੁਲਜ਼ਮ ਵੱਖ ਵੱਖ ਥਾਂਵਾਂ ਤੇ ਮੈਡੀਕਲ ਦੀਆਂ ਦੁਕਾਨਾਂ ਚਲਾ ਰਹੇ ਹਨ ਅਤੇ ਲੋਕਾਂ ਦੀਆਂ ਕੀਮਤੀ ਜਾਨਾਂ ਨਾਲ ਖੇਡ ਰਹੇ ਹਨ। ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਵਿੱਚ ਉਮੇਸ਼ ਕੁਮਾਰ ਵਾਸੀ ਕਸਬਾ ਭਾਦਸੋਂ ਜ਼ਿਲ੍ਹਾ ਪਟਿਆਲਾ, ਮੁਹੰਮਦ ਅਸਲਮ ਵਾਸੀ ਮਾਲੇਰਕੋਟਲਾ ਸ਼ਹਿਰ, ਅਬਦੁਲ ਸਤਾਰ ਵਾਸੀ ਪਿੰਡ ਲਸੋਈ ਜ਼ਿਲ੍ਹਾ ਮਾਲੇਰਕੋਟਲਾ, ਮੁਹੰਮਦ ਮਨੀਰ ਵਾਸੀ ਪਿੰਡ ਬਿੰਜੋਕੇ ਖੁਰਦ ਜ਼ਿਲ੍ਹਾ ਮਾਲੇਰਕੋਟਲਾ, ਗੁਰਦੀਪ ਸਿੰਘ ਵਾਸੀ ਮੰਡੀ ਗੋਬਿੰਦਗੜ੍ਹ, ਪੁਨੀਤ ਸ਼ਰਮਾ ਵਾਸੀ ਬਹਾਦਰਗੜ੍ਹ ਜ਼ਿਲ੍ਹਾ ਪਟਿਆਲਾ, ਰਵਿੰਦਰ ਕੁਮਾਰ ਵਾਸੀ ਪਿੰਡ ਚੱਪੜ ਜ਼ਿਲ੍ਹਾ ਪਟਿਆਲਾ, ਅਸ਼ੋਕ ਕੁਮਾਰ ਵਾਸੀ ਬਰਨਾਲਾ ਸ਼ਹਿਰ ਅਤੇ ਮਨਿੰਦਰ ਸਿੰਘ ਵਾਸੀ ਰਾਹੋਂ ਰੋਡ, ਲੁਧਿਆਣਾ ਸ਼ਾਮਲ ਹਨ। ਬੁਲਾਰੇ ਨੇ ਅੱਗੇ ਦੱਸਿਆ ਕਿ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਸਾਰੇ ਮੁਲਜ਼ਮਾਂ ਨੇ ਮਿਲੀਭੁਗਤ ਨਾਲ ਆਪਣੀਆਂ ਡੀ-ਫਾਰਮੇਸੀ ਦੀਆਂ ਡਿਗਰੀਆਂ ਜਿੰਨਾਂ ਪ੍ਰਾਈਵੇਟ ਕਾਲਜਾਂ ਤੋਂ ਹਾਸਲ ਕੀਤੀਆਂ ਹਨ ਉੱਨਾਂ ਵਿੱਚ ਪੰਜਾਬ ਮਲਟੀਪਰਪਜ਼ ਮੈਡੀਕਲ ਇੰਸਟੀਚਿਊਟ ਸ਼ਹਿਣਾ ਜਿਲਾ ਬਰਨਾਲਾ, ਲਾਰਡ ਕ੍ਰਿਸ਼ਨਾ ਕਾਲਜ ਆਫ਼ ਫਾਰਮੇਸੀ ਲਹਿਰਾਗਾਗਾ, ਓਂਕਾਰ ਕਾਲਜ ਆਫ਼ ਫਾਰਮੇਸੀ ਸਜੂਮਾ, ਤਹਿਸੀਲ ਸੁਨਾਮ, ਮਾਂ ਸਰਸਵਤੀ ਕਾਲਜ ਆਫ਼ ਫਾਰਮੇਸੀ ਅਬੋਹਰ ਜ਼ਿਲ੍ਹਾ ਫ਼ਾਜ਼ਿਲਕਾ, ਜੀਐਚਜੀ ਕਾਲਜ ਆਫ਼ ਫਾਰਮੇਸੀ ਰਾਏਕੋਟ, ਜ਼ਿਲ੍ਹਾ ਲੁਧਿਆਣਾ ਅਤੇ ਲਾਲਾ ਲਾਜਪਤ ਰਾਏ ਕਾਲਜ ਆਫ ਫਾਰਮੇਸੀ ਜ਼ਿਲ੍ਹਾ ਮੋਗਾ ਸ਼ਾਮਲ ਹਨ। ਉਨ੍ਹਾਂ ਅੱਗੇ ਦੱਸਿਆ ਕਿ ਫੜੇ ਗਏ ਸਾਰੇ ਮੁਲਜ਼ਮਾਂ ਨੂੰ ਭਲਕੇ ਸਥਾਨਕ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਬੁਲਾਰੇ ਨੇ ਅੱਗੇ ਦੱਸਿਆ ਕਿ ਡੀ-ਫਾਰਮੇਸੀ ਸੰਸਥਾਵਾਂ ਵਿੱਚ ਖਾਲੀ ਪਈਆਂ ਸੀਟਾਂ ਨੂੰ ਭਰਨ ਲਈ ਪ੍ਰਾਈਵੇਟ ਕਾਲਜਾਂ ਦੇ ਮਾਲਕਾਂ ਨੇ ਕਥਿਤ ਤੌਰ ’ਤੇ ਉਪਰੋਕਤ ਮੁਲਜ਼ਮ ਰਜਿਸਟਰਾਰਾਂ ਅਤੇ ਪੀ.ਐਸ.ਪੀ.ਸੀ. ਦੇ ਕਰਮਚਾਰੀਆਂ ਦੀ ਮਿਲੀਭੁਗਤ ਨਾਲ ਲਾਜ਼ਮੀ ਮਾਈਗ੍ਰੇਸ਼ਨ ਸਰਟੀਫਿਕੇਟ ਪ੍ਰਾਪਤ ਕੀਤੇ ਬਿਨਾਂ ਰਿਸ਼ਵਤ ਲੈ ਕੇ ਦੂਸਰੇ ਰਾਜਾਂ ਦੇ ਵਿਦਿਆਰਥੀਆਂ ਨੂੰ ਦਾਖਲ ਕੀਤਾ ਸੀ। ਇਸ ਤੋਂ ਇਲਾਵਾ, ਕਈ ਵਿਦਿਆਰਥੀਆਂ ਨੇ ਪ੍ਰਾਈਵੇਟ ਤੌਰ ’ਤੇ ਮੈਡੀਕਲ ਜਾਂ ਨਾਨ-ਮੈਡੀਕਲ ਸਟਰੀਮਾਂ ਵਿਚ ਲੋੜੀਂਦੀਆਂ 10+2 ਵਿਦਿੱਅਕ ਯੋਗਤਾਵਾਂ ਜ਼ਰੀਏ ਡੀ-ਫਾਰਮੇਸੀ ਕੋਰਸ ਵਿਚ ਦਾਖਲਾ ਪ੍ਰਾਪਤ ਕੀਤਾ, ਜਦੋਂ ਕਿ ਇਹ ਵਿੱਦਿਅਕ ਯੋਗਤਾ ਰੈਗੂਲਰ ਕਲਾਸਾਂ ਅਤੇ ਸਾਇੰਸ ਪ੍ਰੈਕਟੀਕਲ ਦੇ ਕੇ ਹਾਸਲ ਕਰਨੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਪੀ.ਐਸ.ਪੀ.ਸੀ. ਦੇ ਹੋਰ ਅਧਿਕਾਰੀਆਂ, ਕਰਮਚਾਰੀਆਂ ਅਤੇ ਕਲਰਕਾਂ ਦੇ ਨਾਲ-ਨਾਲ ਪ੍ਰਾਈਵੇਟ ਕਾਲਜਾਂ ਨਾਲ ਸਬੰਧਤ ਵਿਅਕਤੀਆਂ ਦੀਆਂ ਭੂਮਿਕਾਵਾਂ ਦੀ ਜਾਂਚ ਲਈ ਇਸ ਕੇਸ ਦੀ ਅਗਲੇਰੀ ਜਾਂਚ ਜਾਰੀ ਹੈ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article