ਦਿ ਸਿਟੀ ਹੈੱਡਲਾਈਨ
ਲੁਧਿਆਣਾ, 10 ਅਕਤੂਬਰ
ਪੰਜਾਬ ਦੀ ਆਰਥਿਕ ਰਾਜਧਾਨੀ ਮਹਾਂਨਗਰ ਲੁਧਿਆਣਾ ਦੀ ਜਮਾਲਪੁਰ ਕਲੋਨੀ ਵਿਖੇ 27 ਸਤੰਬਰ 2014 ਨੂੰ ਹੋਏ ਫਰਜ਼ੀ ਪੁਲਿਸ ਮੁਕਾਬਲੇ ’ਚ ਅਦਾਲਤ ਵੱਲੋਂ ਵੱਡਾ ਫੈਸਲਾ ਸੁਣਾਉਂਦੇ ਹੋਏ ਅੱਜ ਅਕਾਲੀ ਆਗੂ ਗੁਰਜੀਤ ਸਿੰਘ ਸਣੇ ਬਾਕੀ 2 ਮੁਲਜ਼ਮਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾ ਦਿੱਤੀ ਗਈ ਹੈ। ਦੱਸ ਦੇਈਏ ਕਿ ਜਮਾਲਪੁਰ ਦੀ ਆਹਲੂਵਾਲੀਆ ਕਲੋਨੀ ’ਚ ਦੋ ਸਕੇ ਭਰਾਵਾਂ ਦਾ ਫਰਜ਼ੀ ਪੁਲਿਸ ਮੁਕਾਬਲੇ ’ਚ ਆਖਰਕਾਰ ਪੀਡ਼੍ਹਤ ਪਰਿਵਾਰ ਨੂੰ 8 ਸਾਲ ਦੇ ਲੰਮੇ ਸਮੇਂ ਦੀ ਉਡੀਕ ਤੋਂ ਬਾਅਦ ਕੁਝ ਇਨਸਾਫ਼ ਮਿਲਿਆ ਹੈ। ਇਸ ਮਾਮਲੇ ’ਚ ਪੁਲੀਸ ਦੇ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਅਕਾਲੀ ਨੇਤਾ ਗੁਰਜੀਤ ਸਿੰਘ, ਸਿਪਾਹੀ ਯਾਦਵਿੰਦਰ ਅਤੇ ਪੰਜਾਬ ਹੋਮਗਾਰਡ ਦੇ ਜਵਾਨ ਅਜੀਤ ਸਿੰਘ ਨੂੰ ਦੋਸ਼ੀ ਕਰਾਰ ਦੇਣ ਤੋਂ ਬਾਅਦ ਅੱਜ ਸਜ਼ਾ ਦਾ ਐਲਾਨ ਕਰ ਦਿੱਤਾ ਗਿਆ। ਦੱਸਣਯੋਗ ਹੈ ਕਿ ਐਡੀਸ਼ਨਲ ਸ਼ੈਸ਼ਨ ਜੱਜ ਰਾਜ ਕੁਮਾਰ ਦੀ ਅਦਾਲਤ ਨੇ ਤਿੰਨਾਂ ਮੁਲਜ਼ਮਾਂ ਨੂੰ ਕਤਲ, ਆਰਮਜ਼ ਐਕਟ ਤੇ ਸਾਜਿਸ਼ ਰਚਨ ਦਾ ਦੋਸ਼ੀ ਪਾਇਆ ਤੇ ਤਿੰਨਾਂ ਨੂੰ ਦੋਸ਼ੀ ਕਰਾਰ ਦਿੱਤਾ। ਇਸ ਮਾਮਲੇ ’ਚ ਮਾਛੀਵਾਡ਼ਾ ਸਾਹਿਬ ਦੇ ਇੰਸਪੈਕਟਰ ਮਨਜਿੰਦਰ ਸਿੰਘ ਨੂੰ ਨਾਮਜ਼ਦ ਕਰਨ ਦੇ ਨਾਲ ਨਾਲ ਐਸਐਸਪੀ ਹਰਸ਼ ਬਾਂਸਲ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ। ਸਪੈਸ਼ਲ ਇਨਵੈਸਟੀਗੇਸ਼ਨ ਏਜੰਸੀ ਵੱਲੋਂ ਕੀਤੀ ਗਈ ਜਾਂਚ ਤੋਂ ਬਾਅਦ ਇਸਦਾ ਚੱਲਾਨ ਪੇਸ਼ ਹੋਇਆ ਸੀ। ਘਟਨਾ ਦੇ 8 ਸਾਲ ਬਾਅਦ ਅਦਾਲਤ ਦੇ ਵੱਲੋਂ ਉਕਤ ਤਿੰਨਾਂ ਨੂੰ ਦੋਸ਼ੀ ਕਰਾਰ ਦੇ ਦਿੱਤਾ ਹੈ। ਹਾਲਾਂਕਿ ਇਸ ਮਾਮਲੇ ’ਚ ਐਸ.ਐਚ.ਓ. ਤੇ ਉਸਦਾ ਰੀਡਰ ਪਿਛਲੇਂ 7 ਸਾਲ ਤੋਂ ਫ਼ਰਾਰ ਹਨ। ਜਿੰਨ੍ਹਾਂ ਨੂੰ ਅਦਾਲਤ ਦੇ ਵੱਲੋਂ ਭਗੌਡ਼ਾ ਐਲਾਨ ਦਿੱਤਾ ਜਾ ਚੁੱਕਿਆ ਹੈ।