Saturday, January 18, 2025
spot_img

ਜਦੋਂ ਮੇਰੇ ਖਿਲਾਫ਼ ਕੁਝ ਵੀ ਹੱਥ ਨਾ ਲੱਗਾ ਤਾਂ ਵਿਰੋਧੀ ਪਾਰਟੀਆਂ ‘ਮੈਂ ਪੰਜਾਬ ਬੋਲਦਾਂ ਹਾਂ’ ਬਹਿਸ ਦਾ ਹਿੱਸਾ ਬਣਨ ਤੋਂ ਭੱਜ ਗਈਆਂ : CM ਭਗਵੰਤ ਮਾਨ

Must read

ਲੁਧਿਆਣਾ, 1 ਨਵੰਬਰ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਅੱਜ ਕਿਹਾ ਕਿ ‘ਮੈਂ ਪੰਜਾਬ ਬੋਲਦਾਂ ਹਾਂ’ ਬਹਿਸ ਸੂਬੇ ਨੂੰ ਦਰਪੇਸ਼ ਸੰਜੀਦਾ ਮਸਲਿਆਂ ਉਤੇ ਚਰਚਾ ਕਰਨ ਲਈ ਰੱਖੀ ਗਈ ਸੀ ਪਰ ਵਿਰੋਧੀ ਪਾਰਟੀਆਂ ਦੇ ਹੱਥ ਉਨ੍ਹਾਂ ਅਤੇ ਸੂਬਾ ਸਰਕਾਰ ਦੇ ਖਿਲਾਫ ਬੋਲਣ ਲਈ ਕੁਝ ਵੀ ਨਾ ਹੋਣ ਕਰਕੇ ਇਹ ਪਾਰਟੀਆਂ ਬਹਿਸ ਕਰਨ ਤੋਂ ਭੱਜ ਗਈਆਂ।

‘ਮੈਂ ਪੰਜਾਬ ਬੋਲਦਾ ਹਾਂ’ ਬਹਿਸ ਦੌਰਾਨ ਸੰਬੋਧਨ ਕਰਦਿਆਂ ਮੁੱਖ ਮੰਤਰੀ ਨੇ ਕਿਹਾ, “ਇਹ ਲੀਡਰ ਬੀਤੇ 25 ਦਿਨ ਤੋਂ ਮੇਰੇ ਤੇ ਮੇਰੀ ਸਰਕਾਰ ਦੇ ਖਿਲਾਫ਼ ਇਕ ਵੀ ਕਮੀ ਨਹੀਂ ਲੱਭ ਸਕੇ, ਜਿਸ ਕਰਕੇ ਪੰਜਾਬ ਨਾਲ ਜੁੜੇ ਮਸਲਿਆਂ ਉਤੇ ਮੇਰਾ ਸਾਹਮਣਾ ਕਰਨ ਦੀ ਜੁਅੱਰਤ ਨਾ ਸਕੇ।”
ਮੁੱਖ ਮੰਤਰੀ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ, “ਜੇਕਰ ਇਨ੍ਹਾਂ ਲੀਡਰਾਂ ਨੂੰ ਲੋਕਾਂ ਨੇ ਹਰਾ ਕੇ ਘਰ ਬਿਠਾ ਦਿੱਤਾ ਤਾਂ ਇਹਦਾ ਇਹ ਮਤਲਬ ਨਹੀਂ ਕਿ ਪੰਜਾਬ ਨਾਲ ਕਮਾਏ ਧ੍ਰੋਹ ਲਈ ਇਹ ਲੀਡਰ ਦੁੱਧ ਧੋਤੇ ਸਾਬਤ ਹੋ ਗਏ।” ਉਨ੍ਹਾਂ ਕਿਹਾ ਕਿ ਜਦੋਂ ਵੀ ਇਹ ਸਿਆਸੀ ਆਗੂ ਲੋਕਾਂ ਕੋਲ ਆਉਣ ਤਾਂ ਇਨ੍ਹਾਂ ਨੂੰ ਪੁੱਛਣਾ ਚਾਹੀਦਾ ਹੈ ਕਿ ਪੰਜਾਬ ਦੇ ਮਸਲਿਆਂ ਉਤੇ ਹੋਈ ਬਹਿਸ ਤੋਂ ਤੁਸੀਂ ਕਿਉਂ ਭੱਜ ਗਏ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਸੂਬੇ ਵਿੱਚ ਇਨ੍ਹਾਂ ਸਿਆਸਤਦਾਨਾਂ ਨੇ ਬਹੁਤ ਲੰਮਾ ਸਮਾਂ ਸੱਤਾ ਦਾ ਸੁਖ ਮਾਣਿਆ ਹੈ ਜਿਸ ਕਰਕੇ ਪੰਜਾਬ ਦੇ ਲੋਕਾਂ ਨੂੰ ਇਹ ਹਰ ਮੁੱਦੇ ਉਤੇ ਜਵਾਬਦੇਹ ਹਨ।

ਮੁੱਖ ਮੰਤਰੀ ਨੇ ਕਿਹਾ ਕਿ ਇਨ੍ਹਾਂ ਲੀਡਰਾਂ ਨੂੰ ਬਹਿਸ ਲਈ ਸੱਦਾ ਦਿੱਤਾ ਗਿਆ ਸੀ ਤਾਂ ਕਿ ਹਰੇਕ ਆਗੂ ਇਸ ਮੰਚ ਉਤੇ ਆ ਕੇ ਆਪਣਾ ਪੱਖ ਪੇਸ਼ ਕਰ ਸਕੇ। ਉਨ੍ਹਾਂ ਕਿਹਾ ਕਿ ਇਸ ਮੰਚ ਉਤੇ ਆਉਣ ਦੀ ਬਜਾਏ ਇਨ੍ਹਾਂ ਸਿਆਸੀ ਆਗੂਆਂ ਨੇ ਬਹਾਨੇਬਾਜ਼ੀ ਘੜ ਕੇ ਬਹਿਸ ਤੋਂ ਭੱਜਣ ਨੂੰ ਤਰਜੀਹ ਦਿੱਤੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਉਹ ਇਨ੍ਹਾਂ ਆਗੂਆਂ ਨੂੰ ਭੱਜਣ ਨਹੀਂ ਦੇਣਗੇ ਅਤੇ ਸੂਬੇ ਨਾਲ ਧ੍ਰੋਹ ਕਮਾਉਣ ਵਾਲਿਆਂ ਦੇ ਚਿਹਰੇ ਬੇਨਕਾਬ ਕਰਕੇ ਛੱਡਣਗੇ।

ਮੁੱਖ ਮੰਤਰੀ ਨੇ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕਰਨ ਦੀਆਂ ਨੌਟੰਕੀਆਂ ਕਰਨ ਲਈ ਇਨ੍ਹਾਂ ਆਗੂਆਂ ਦੀ ਸਖ਼ਤ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਇਹ ਸਾਰਾ ਜੱਗ ਜਾਣਦਾ ਹੈ ਕਿ ਇਨ੍ਹਾਂ ਆਗੂਆਂ ਦੇ ਪੁਰਖਿਆਂ ਨੇ ਐਸ.ਵਾਈ.ਐਲ. ਦੀ ਉਸਾਰੀ ਦੇ ਇਸ ਨਾ-ਮੁਆਫ਼ੀਯੋਗ ਅਪਰਾਧ ਨੂੰ ਅੰਜਾਮ ਦੇ ਕੇ ਪੰਜਾਬ ਅਤੇ ਇਸਦੀ ਨੌਜਵਾਨ ਪੀੜ੍ਹੀ ਦੇ ਰਾਹ ਵਿੱਚ ਕੰਡੇ ਬੀਜੇ ਹਨ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਸੁਆਰਥੀ ਸਿਆਸੀ ਆਗੂਆਂ ਨੇ ਆਪਣੇ ਸੌੜੇ ਮੁਫਾਦਾਂ ਲਈ ਇਸ ਨਹਿਰ ਦੀ ਉਸਾਰੀ ਲਈ ਸਹਿਮਤੀ, ਵਿਉਂਤਬੰਦੀ ਅਤੇ ਲਾਗੂ ਕੀਤਾ ਸੀ।

ਮੁੱਖ ਮੰਤਰੀ ਨੇ ਕਿਹਾ ਕਿ ਹਰ ਕੋਈ ਜਾਣਦਾ ਹੈ ਕਿ ਸਾਬਕਾ ਕੇਂਦਰੀ ਮੰਤਰੀ ਬਲਰਾਮ ਜਾਖੜ (ਸੁਨੀਲ ਜਾਖੜ ਦੇ ਪਿਤਾ) ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਕਪੂਰੀ ਵਿਖੇ ਐਸ.ਵਾਈ.ਐਲ. ਦਾ ਨੀਂਹ ਪੱਥਰ ਰੱਖਣ ਦੀ ਰਸਮ ਤਤਕਾਲੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨਾਲ ਅਦਾ ਕੀਤੀ ਸੀ। ਉਨ੍ਹਾਂ ਕਿਹਾ ਕਿ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਚੌਧਰੀ ਦੇਵੀ ਲਾਲ ਨੇ ਇਸ ਨਹਿਰ ਦੇ ਸਰਵੇ ਦੀ ਇਜਾਜ਼ਤ ਦੇਣ ਲਈ ਪੰਜਾਬ ਦੇ ਆਪਣੇ ਹਮਰੁਤਬਾ ਪ੍ਰਕਾਸ਼ ਸਿੰਘ ਬਾਦਲ ਦੀ ਸ਼ਲਾਘਾ ਕੀਤੀ ਸੀ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਹ ਲੀਡਰ ਸੂਬੇ ਵਿਰੁੱਧ ਕੀਤੇ ਇਸ ਗੁਨਾਹ ਲਈ ਜ਼ਿੰਮੇਵਾਰ ਹਨ ਅਤੇ ਪੰਜਾਬ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਨੂੰ ਇਤਿਹਾਸ ਕਦੇ ਮੁਆਫ਼ ਨਹੀਂ ਕਰੇਗਾ।

ਮੁੱਖ ਮੰਤਰੀ ਨੇ ਕਿਹਾ ਕਿ ਇਸ ਬਹਿਸ ਦਾ ਵਿਸ਼ਾ ਪੰਜਾਬ ਨੂੰ ਹੁਣ ਤੱਕ ਕੀਹਨੇ ਤੇ ਕਿਵੇਂ ਲੁੱਟਿਆ, ਇਸ ਆਧਾਰ ‘ਤੇ ਕੇਂਦਰਿਤ ਸੀ। ਇਸ ਵਿੱਚ ਕੁਨਬਾਪ੍ਰਸਤੀ (ਭਾਈ-ਭਤੀਜਵਾਦ, ਜੀਜਾ-ਸਾਲਾ), ਪੱਖਪਾਤ, ਟੋਲ ਪਲਾਜ਼ੇ, ਯੂਥ, ਖੇਤਾਬਾੜੀ, ਵਪਾਰੀ, ਦੁਕਾਨਦਾਰ, ਬੇਅਦਬੀ, ਦਰਿਆਈ ਪਾਣੀ ਅਤੇ ਹੋਰ ਮਸਲੇ ਸਬੰਧਤ ਸਨ। ਉਨ੍ਹਾਂ ਕਿਹਾ ਕਿ ਰਵਾਇਤੀ ਪਾਰਟੀਆਂ ਦੇ ਨੇਤਾਵਾਂ ਨੇ ਹਰੇਕ ਮੁੱਦੇ ਉਤੇ ਪੰਜਾਬ ਨਾਲ ਗੱਦਾਰੀ ਕੀਤੀ ਜਿਸ ਕਰਕੇ ਸੂਬੇ ਦੇ ਲੋਕਾਂ ਪ੍ਰਤੀ ਇਨ੍ਹਾਂ ਦੀ ਜੁਆਬਦੇਹੀ ਬਣਦੀ ਹੈ। ਭਗਵੰਤ ਸਿੰਘ ਮਾਨ ਨੇ ਕਿਹਾ ਕਿ ਇਨ੍ਹਾਂ ਨੇਤਾਵਾਂ ਦੇ ਹੱਥ ਪੰਜਾਬ ਨਾਲ ਕੀਤੇ ਗੁਨਾਹਾਂ ਨਾਲ ਰੰਗੇ ਹੋਏ ਹਨ ਅਤੇ ਸੂਬੇ ਦੀ ਪਿੱਠ ਵਿੱਚ ਛੁਰਾ ਮਾਰਨ ਵਾਲਿਆਂ ਨੂੰ ਇਤਿਹਾਸ ਕਦੇ ਵੀ ਮੁਆਫ਼ ਨਹੀਂ ਕਰੇਗਾ।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article