Saturday, September 21, 2024
spot_img

ਅੱਜ ਦਾ ਹੁਕਮਨਾਮਾ

Must read

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥ ਰਾਗੁ ਟੋਡੀ ਮਹਲਾ ੪ ਘਰੁ ੧ ॥ ਹਰਿ ਬਿਨੁ ਰਹਿ ਨ ਸਕੈ ਮਨੁ ਮੇਰਾ ॥ ਮੇਰੇ ਪ੍ਰੀਤਮ ਪ੍ਰਾਨ ਹਰਿ ਪ੍ਰਭੁ ਗੁਰੁ ਮੇਲੇ ਬਹੁਰਿ ਨ ਭਵਜਲਿ ਫੇਰਾ ॥੧॥ ਰਹਾਉ ॥ ਮੇਰੈ ਹੀਅਰੈ ਲੋਚ ਲਗੀ ਪ੍ਰਭ ਕੇਰੀ ਹਰਿ ਨੈਨਹੁ ਹਰਿ ਪ੍ਰਭ ਹੇਰਾ ॥ ਸਤਿਗੁਰਿ ਦਇਆਲਿ ਹਰਿ ਨਾਮੁ ਦ੍ਰਿੜਾਇਆ ਹਰਿ ਪਾਧਰੁ ਹਰਿ ਪ੍ਰਭ ਕੇਰਾ ॥੧॥ ਹਰਿ ਰੰਗੀ ਹਰਿ ਨਾਮੁ ਪ੍ਰਭ ਪਾਇਆ ਹਰਿ ਗੋਵਿੰਦ ਹਰਿ ਪ੍ਰਭ ਕੇਰਾ ॥ ਹਰਿ ਹਿਰਦੈ ਮਨਿ ਤਨਿ ਮੀਠਾ ਲਾਗਾ ਮੁਖਿ ਮਸਤਕਿ ਭਾਗੁ ਚੰਗੇਰਾ ॥੨॥ ਲੋਭ ਵਿਕਾਰ ਜਿਨਾ ਮਨੁ ਲਾਗਾ ਹਰਿ ਵਿਸਰਿਆ ਪੁਰਖੁ ਚੰਗੇਰਾ ॥ ਓਇ ਮਨਮੁਖ ਮੂੜ ਅਗਿਆਨੀ ਕਹੀਅਹਿ ਤਿਨ ਮਸਤਕਿ ਭਾਗੁ ਮੰਦੇਰਾ ॥੩॥ ਬਿਬੇਕ ਬੁਧਿ ਸਤਿਗੁਰ ਤੇ ਪਾਈ ਗੁਰ ਗਿਆਨੁ ਗੁਰੂ ਪ੍ਰਭ ਕੇਰਾ ॥ ਜਨ ਨਾਨਕ ਨਾਮੁ ਗੁਰੂ ਤੇ ਪਾਇਆ ਧੁਰਿ ਮਸਤਕਿ ਭਾਗੁ ਲਿਖੇਰਾ ॥੪॥੧॥

ਅਰਥ:- ਮੇਲੇ—(ਜਿਸ ਨੂੰ) ਮਿਲਾ ਦੇਂਦਾ ਹੈ। ਬਹੁਰਿ—ਮੁੜ। ਭਵਜਲਿ—ਸੰਸਾਰ-ਸਮੁੰਦਰ ਵਿਚ।1। ਰਹਾਉ। ਹੀਅਰੈ—ਹਿਰਦੇ ਵਿਚ। ਲੋਚ—ਤਾਂਘ। ਕੇਰੀ—ਦੀ। ਨੈਨਹੁ—ਅੱਖਾਂ ਨਾਲ। ਹੇਰਾ—ਹੇਰਾਂ, ਮੈਂ ਵੇਖਾਂ। ਸਤਿਗੁਰਿ—ਗੁਰੂ ਨੇ। ਦਇਆਲਿ—ਦਇਆਲ ਨੇ। ਦ੍ਰਿੜਾਇਆ—ਹਿਰਦੇ ਵਿਚ ਪੱਕਾ ਕਰ ਦਿੱਤਾ। ਪਾਧਰੁ—ਪੱਧਰਾ ਰਾਹ। ਕੇਰਾ—ਦਾ, ਮਿਲਣ ਦਾ।1। ਰੰਗੀ—ਅਨੇਕਾਂ ਰੰਗਾਂ-ਕੌਤਕਾਂ ਦਾ ਮਾਲਕ। ਮਨਿ—ਮਨ ਵਿਚ। ਤਨਿ—ਤਨ ਵਿਚ। ਮੁਖਿ—ਮੂੰਹ ਉੱਤੇ। ਮਸਤਕਿ—ਮੱਥੇ ਉੱਤੇ।2। ਓਇ—{ਲਫ਼ਜ਼ ‘ਓਹ’ ਤੋਂ ਬਹੁ-ਵਚਨ}। ਮਨਮੁਖ—ਆਪਣੇ ਮਨ ਦੇ ਪਿੱਛੇ ਤੁਰਨ ਵਾਲੇ। ਮੂੜ—ਮੂਰਖ। ਕਹੀਅਹਿ—ਆਖੇ ਜਾਂਦੇ ਹਨ। ਅਗਿਆਨੀ—ਆਤਮਕ ਜੀਵਨ ਵਲੋਂ ਬੇ-ਸਮਝ।3। ਬਿਬੇਕ ਬੁਧਿ—(ਚੰਗੇ ਮੰਦੇ ਦੀ) ਪਰਖ ਕਰਨ ਵਾਲੀ ਅਕਲ। ਤੇ—ਤੋਂ, ਪਾਸੋਂ। ਗਿਆਨੁ—ਆਤਮਕ ਜੀਵਨ ਦੀ ਸੂਝ। ਧੁਰਿ—ਧੁਰ ਦਰਗਾਹ ਤੋਂ। ਲਿਖੇਰਾ—ਲਿਖਿਆ ਹੋਇਆ।4।

ਅਰਥ:- ਹੇ ਭਾਈ! ਮੇਰਾ ਮਨ ਪਰਮਾਤਮਾ ਦੀ ਯਾਦ ਤੋਂ ਬਿਨਾ ਰਹਿ ਨਹੀਂ ਸਕਦਾ। ਗੁਰੂ (ਜਿਸ ਮਨੁੱਖ ਨੂੰ) ਜਿੰਦ ਦਾ ਪਿਆਰਾ ਪ੍ਰਭੂ ਮਿਲਾ ਦੇਂਦਾ ਹੈ, ਉਸ ਨੂੰ ਸੰਸਾਰ-ਸਮੁੰਦਰ ਵਿਚ ਮੁੜ ਨਹੀਂ ਆਉਣਾ ਪੈਂਦਾ।1। ਰਹਾਉ। ਹੇ ਭਾਈ! ਮੇਰੇ ਹਿਰਦੇ ਵਿਚ ਪ੍ਰਭੂ (ਦੇ ਮਿਲਾਪ) ਦੀ ਤਾਂਘ ਲੱਗੀ ਹੋਈ ਸੀ (ਮੇਰਾ ਜੀ ਕਰਦਾ ਸੀ ਕਿ) ਮੈਂ (ਆਪਣੀਆਂ) ਅੱਖਾਂ ਨਾਲ ਹਰੀ-ਪ੍ਰਭੂ ਨੂੰ ਵੇਖ ਲਵਾਂ। ਦਇਆਲ ਗੁਰੂ ਨੇ ਪਰਮਾਤਮਾ ਦਾ ਨਾਮ ਮੇਰੇ ਹਿਰਦੇ ਵਿਚ ਪੱਕਾ ਕਰ ਦਿੱਤਾ—ਇਹੀ ਹੈ ਹਰੀ-ਪ੍ਰਭੂ (ਨੂੰ ਮਿਲਣ) ਦਾ ਪੱਧਰਾ ਰਸਤਾ।1। ਹੇ ਭਾਈ! ਅਨੇਕਾਂ ਕੌਤਕਾਂ ਦੇ ਮਾਲਕ ਹਰੀ ਪ੍ਰਭੂ ਗੋਬਿੰਦ ਦਾ ਨਾਮ ਜਿਸ ਮਨੁੱਖ ਨੇ ਪ੍ਰਾਪਤ ਕਰ ਲਿਆ, ਉਸ ਦੇ ਹਿਰਦੇ ਵਿਚ, ਉਸ ਦੇ ਮਨ ਵਿਚ ਸਰੀਰ ਵਿਚ, ਪਰਮਾਤਮਾ ਪਿਆਰਾ ਲੱਗਣ ਲੱਗ ਪੈਂਦਾ ਹੈ, ਉਸ ਦੇ ਮੱਥੇ ਉੱਤੇ ਮੂੰਹ ਉੱਤੇ ਚੰਗਾ ਭਾਗ ਜਾਗ ਪੈਂਦਾ ਹੈ।2। ਪਰ, ਹੇ ਭਾਈ! ਜਿਨ੍ਹਾਂ ਮਨੁੱਖਾਂ ਦਾ ਮਨ ਲੋਭ ਆਦਿਕ ਵਿਕਾਰਾਂ ਵਿਚ ਮਸਤ ਰਹਿੰਦਾ ਹੈ, ਉਹਨਾਂ ਨੂੰ ਚੰਗਾ ਅਕਾਲ ਪੁਰਖ ਭੁੱਲਿਆ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਉਹ ਮਨੁੱਖ ਮੂਰਖ ਕਹੇ ਜਾਂਦੇ ਹਨ, ਆਤਮਕ ਜੀਵਨ ਵਲੋਂ ਬੇ-ਸਮਝ ਆਖੇ ਜਾਂਦੇ ਹਨ। ਉਹਨਾਂ ਦੇ ਮੱਥੇ ਉਤੇ ਮੰਦੀ ਕਿਸਮਤ (ਉੱਘੜੀ ਹੋਈ ਸਮਝ ਲਵੋ)।3। ਹੇ ਦਾਸ ਨਾਨਕ! ਜਿਨ੍ਹਾਂ ਮਨੁੱਖਾਂ ਦੇ ਮੱਥੇ ਉਤੇ ਧੁਰੋਂ ਲਿਖਿਆ ਚੰਗਾ ਭਾਗ ਉੱਘੜ ਪਿਆ, ਉਹਨਾਂ ਨੇ ਗੁਰੂ ਪਾਸੋਂ ਪਰਮਾਤਮਾ ਦਾ ਨਾਮ ਪ੍ਰਾਪਤ ਕਰ ਲਿਆ, ਉਹਨਾਂ ਨੇ ਗੁਰੂ ਪਾਸੋਂ ਚੰਗੇ ਮੰਦੇ ਕੰਮ ਦੀ ਪਰਖ ਕਰਨ ਵਾਲੀ ਅਕਲ ਹਾਸਲ ਕਰ ਲਈ, ਉਹਨਾਂ ਨੇ ਪਰਮਾਤਮਾ ਦੇ ਮਿਲਾਪ ਵਾਸਤੇ ਗੁਰੂ ਪਾਸੋਂ ਆਤਮਕ ਜੀਵਨ ਦੀ ਸੂਝ ਪ੍ਰਾਪਤ ਕਰ ਲਈ।4।1।

- Advertisement -spot_img

More articles

LEAVE A REPLY

Please enter your comment!
Please enter your name here

- Advertisement -spot_img

Latest article