ਚੀਨ ਦੇ ਪੰਜ ਦਿਨਾਂ ਕੂਟਨੀਤਕ ਦੌਰੇ ਤੋਂ ਵਾਪਸ ਪਰਤਣ ਤੋਂ ਬਾਅਦ ਮਾਲਦੀਵ ਦੇ ਰਾਸ਼ਟਰਪਤੀ ਮੁਹੰਮਦ ਮੁਈਜ਼ੂ ਦਾ ਭਾਰਤ ਪ੍ਰਤੀ ਰਵੱਈਆ ਬਦਲਿਆ ਨਜ਼ਰ ਆ ਰਿਹਾ ਹੈ। ਮੁਈਜ਼ੂ ਸਰਕਾਰ ਨੇ ਇਕ ਵਾਰ ਫਿਰ ਪੁਰਾਣੀ ਧੁਨ ਵਜਾ ਦਿੱਤੀ ਹੈ ਅਤੇ ਭਾਰਤ ਨੂੰ ਮਾਰਚ ਦੇ ਅੱਧ ਤੱਕ ਮਾਲਦੀਵ ਤੋਂ ਆਪਣੇ ਫੌਜੀ ਕਰਮਚਾਰੀਆਂ ਨੂੰ ਵਾਪਸ ਬੁਲਾਉਣ ਲਈ ਕਿਹਾ ਹੈ। ਅਧਿਕਾਰੀਆਂ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ।
ਰਿਪੋਰਟਾਂ ਮੁਤਾਬਕ ਰਾਸ਼ਟਰਪਤੀ ਦਫਤਰ ਨੇ ਪ੍ਰੈੱਸ ਬ੍ਰੀਫਿੰਗ ‘ਚ ਕਿਹਾ ਕਿ ਰਾਸ਼ਟਰਪਤੀ ਮੁਈਜ਼ੂ ਨੇ ਰਸਮੀ ਤੌਰ ‘ਤੇ ਭਾਰਤ ਨੂੰ 15 ਮਾਰਚ ਤੱਕ ਆਪਣੇ ਫੌਜੀ ਕਰਮਚਾਰੀਆਂ ਨੂੰ ਵਾਪਸ ਬੁਲਾਉਣ ਲਈ ਕਿਹਾ ਹੈ। ਜਿਨ੍ਹਾਂ ਦੀ ਅੰਦਾਜ਼ਨ ਗਿਣਤੀ 88 ਹੈ। ਓਹਨਾਂ ਨੇ ਕਿਹਾ, “ਦੋਵਾਂ ਦੇਸ਼ਾਂ ਵੱਲੋਂ ਗਠਿਤ ਉੱਚ ਪੱਧਰੀ ਕੋਰ ਗਰੁੱਪ ਨੇ ਐਤਵਾਰ ਸਵੇਰੇ ਮਾਲੇ ਵਿੱਚ ਇੱਕ ਮੀਟਿੰਗ ਕੀਤੀ ਜਿਸ ਵਿੱਚ ਫੌਜਾਂ ਦੀ ਵਾਪਸੀ ਬਾਰੇ ਚਰਚਾ ਕੀਤੀ ਗਈ। ਇਸ ਮੀਟਿੰਗ ਵਿੱਚ ਭਾਰਤੀ ਹਾਈ ਕਮਿਸ਼ਨਰ ਮੁਨੂ ਮਹਾਵਰ ਵੀ ਮੌਜੂਦ ਸਨ।”