ਦਿ ਸਿਟੀ ਹੈੱਡ ਲਾਈਨਸ
ਲੁਧਿਆਣਾ 2 ਫਰਵਰੀ : ਰਿਸ਼ਵਤ ਲੈਣ ਦੇ ਮਾਮਲੇ ਵਿੱਚ ਵਿਜੀਲੈਂਸ ਵਲੋਂ ਨਾਮਜ਼ਦ ਕੀਤੇ ਗਏ ਪੰਜਾਬ ਪੁਲੀਸ ਦੇ ਏਐਸਆਈ ਨੇ ਜ਼ਮਾਨਤ ਦੀ ਅਰਜ਼ੀ ਖਾਰਜ ਹੋਣ ਮਗਰੋਂ ਆਤਮ ਸਮਰਪਣ ਕਰ ਦਿੱਤਾ ਹੈ। ਵਿਜੀਲੈਂਸ ਟੀਮ ਨੇ ਥਾਣਾ ਸਿਟੀ ਜਗਰਾਉਂ ਵਿਖੇ ਤਾਇਨਾਤ ਏ.ਐਸ.ਆਈ ਪਹਾੜਾ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਉਸ ਕੋਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਇੰਦਰਜੀਤ ਕੌਰ ਵਾਸੀ ਹਰਦੇਵ ਨਗਰ, ਜਗਰਾਉਂ ਨੇ ਮੁਲਜ਼ਮ ਏਐਸਆਈ ਪਹਾੜਾ ਸਿੰਘ ਖ਼ਿਲਾਫ਼ ਸ਼ਿਕਾਇਤ ਦਰਜ ਕਰਵਾਈ ਸੀ। ਉਸ ਨੇ ਵਿਜੀਲੈਂਸ ਅੱਗੇ ਰਿਕਾਰਡਿੰਗ ਵੀ ਪੇਸ਼ ਕੀਤੀ ਸੀ। ਜਿਸ ਤੋਂ ਬਾਅਦ ਉਸ ਦੀ ਭਾਲ ਜਾਰੀ ਸੀ ਪਰ ਉਹ ਫਰਾਰ ਸੀ।ਐਸਐਸਪੀ ਵਿਜੀਲੈਂਸ ਰਵਿੰਦਰਪਾਲ ਸਿੰਘ ਸੰਧੂ ਨੇ ਦੱਸਿਆ ਕਿ ਇੰਦਰਜੀਤ ਕੌਰ ਦੇ ਪਤੀ ਹਰਪ੍ਰੀਤ ਖ਼ਿਲਾਫ਼ ਨਸ਼ਾ ਤਸਕਰੀ ਦੇ ਕਈ ਕੇਸ ਦਰਜ ਹਨ। ਹਰਪ੍ਰੀਤ ਨੂੰ ਅਗਸਤ 2023 ਵਿੱਚ ਥਾਣਾ ਸਿਟੀ ਜਗਰਾਉਂ ਦੀ ਪੁਲੀਸ ਨੇ ਗ੍ਰਿਫ਼ਤਾਰ ਕੀਤਾ ਸੀ। ਜਿਸ ਤੋਂ ਬਾਅਦ ਥਾਣਾ ਸਿਟੀ ਜਗਰਾਉਂ ‘ਚ ਤਾਇਨਾਤ ਏ.ਐੱਸ.ਆਈ ਪਹਾੜਾ ਸਿੰਘ ਨੇ ਦੋ ਹੋਰ ਅਧਿਕਾਰੀਆਂ ਦੇ ਨਾਲ ਘਰ ‘ਚ ਛਾਪੇਮਾਰੀ ਕੀਤੀ। ਇਸ ਦੌਰਾਨ ਮੁਲਜ਼ਮ ਏਐਸਆਈ ਨੇ ਉਸ ਨੂੰ ਦੱਸਿਆ ਕਿ ਡੀਐਸਪੀ ਨੇ ਉਸ ਨੂੰ ਲੈਣ ਲਈ ਭੇਜਿਆ ਸੀ ਅਤੇ ਜੇਕਰ ਉਹ ਚਾਹੁੰਦਾ ਹੈ ਕਿ ਉਸ ਨੂੰ ਅਤੇ ਉਸ ਦੇ ਪਰਿਵਾਰ ਨੂੰ ਕੇਸ ਵਿੱਚ ਨਾ ਫਸਾਇਆ ਜਾਵੇ ਤਾਂ ਉਹ ਉਸ ਨੂੰ ਪੰਜਾਹ ਹਜ਼ਾਰ ਰੁਪਏ ਰਿਸ਼ਵਤ ਦੇਵੇ। ਜਿਸ ਤੋਂ ਬਾਅਦ ਏਐਸਆਈ ਨੇ ਉਸ ਨੂੰ ਧਮਕੀਆਂ ਦਿੱਤੀਆਂ। ਜਿਸ ਤੋਂ ਬਾਅਦ ਇੰਦਰਜੀਤ ਕੌਰ ਨੇ ਕਿਸੇ ਤਰ੍ਹਾਂ ਉਸ ਨੂੰ 15 ਹਜ਼ਾਰ ਰੁਪਏ ਰਿਸ਼ਵਤ ਦੇ ਦਿੱਤੀ। ਦੋ ਦਿਨਾਂ ਬਾਅਦ ਮੁਲਜ਼ਮ ਏਐਸਆਈ ਨੇ 35 ਹਜ਼ਾਰ ਰੁਪਏ ਦੀ ਬਕਾਇਆ ਰਿਸ਼ਵਤ ਦੀ ਮੰਗ ਕਰਨੀ ਸ਼ੁਰੂ ਕਰ ਦਿੱਤੀ। ਜਿਸ ਨੂੰ ਇੰਦਰਜੀਤ ਕੌਰ ਨੇ ਰਿਕਾਰਡ ਕੀਤਾ। ਉਸ ਨੂੰ ਵੀ ਬੁਲਾਇਆ ਗਿਆ।ਜਿਸ ਬਾਰੇ ਇੰਦਰਜੀਤ ਨੇ ਵਿਜੀਲੈਂਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਜਾਂਚ ਤੋਂ ਬਾਅਦ ਵਿਜੀਲੈਂਸ ਟੀਮ ਨੇ ਏ.ਐਸ.ਆਈ ਪਹਾੜਾ ਸਿੰਘ ਖਿਲਾਫ ਭ੍ਰਿਸ਼ਟਾਚਾਰ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਹੈ। ਵਿਜੀਲੈਂਸ ਟੀਮ ਨੇ ਮੁਲਜ਼ਮ ਏਐਸਆਈ ਦੇ ਕਈ ਟਿਕਾਣਿਆਂ ’ਤੇ ਛਾਪੇ ਮਾਰੇ। ਪਰ ਉਹ ਵਿਜੀਲੈਂਸ ਟੀਮ ਤੋਂ ਬਚਣ ਲਈ ਇਧਰ-ਉਧਰ ਭੱਜਦਾ ਰਿਹਾ। ASI ਨੇ ਅਗਾਊਂ ਜ਼ਮਾਨਤ ਲੈਣ ਦੀ ਕੋਸ਼ਿਸ਼ ਕੀਤੀ। ਪਰ ਅਦਾਲਤ ਨੇ ਅਗਸਤ 2023 ਵਿੱਚ ਉਸ ਦੀ ਜ਼ਮਾਨਤ ਦੀ ਅਰਜ਼ੀ ਰੱਦ ਕਰ ਦਿੱਤੀ ਸੀ। ਮੁਲਜ਼ਮ ਏਐਸਆਈ ਨੇ ਦਸੰਬਰ 2023 ਵਿੱਚ ਦੁਬਾਰਾ ਜ਼ਮਾਨਤ ਦੀ ਅਰਜ਼ੀ ਦਾਇਰ ਕੀਤੀ ਸੀ। ਜਿਸ ਨੂੰ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਵੀ ਰੱਦ ਕਰ ਦਿੱਤਾ ਸੀ। ਜਿਸ ਤੋਂ ਬਾਅਦ ਮੁਲਜ਼ਮ ਏਐਸਆਈ ਜ਼ਮਾਨਤ ਲਈ ਸੁਪਰੀਮ ਕੋਰਟ ਗਿਆ ਸੀ ਪਰ ਦੋ ਦਿਨ ਪਹਿਲਾਂ ਉਸ ਦੀ ਜ਼ਮਾਨਤ ਪਟੀਸ਼ਨ ਮੁੜ ਰੱਦ ਹੋ ਗਈ ਸੀ। ਜਦੋਂ ਮੁਲਜ਼ਮ ਕੋਲ ਕੋਈ ਚਾਰਾ ਨਹੀਂ ਬਚਿਆ ਤਾਂ ਉਸ ਨੇ ਆਤਮ ਸਮਰਪਣ ਕਰ ਦਿੱਤਾ। ਪੁਲੀਸ ਹੁਣ ਮੁਲਜ਼ਮ ਏਐਸਆਈ ਤੋਂ ਪੁੱਛਗਿੱਛ ਕਰਨ ਵਿੱਚ ਜੁਟੀ ਹੈ।